ਅਬੋਹਰ, 2 ਫਰਵਰੀ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੇ ਡੀ. ਜੀ. ਪੀ. ਪੰਜਾਬ ਹੋਮ ਗਾਰਡਜ਼ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਸਥਾਨਕ ਡੀ. ਏ. ਵੀ. ਕਾਲਜ ਵਿਖੇ ਸੱਤ ਰੋਜ਼ਾ ਸਿਵਲ ਡਿਫੈਂਸ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ | ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਮੈਡਮ ਅਮਰਪ੍ਰੀਤ ਕੌਰ ਸੰਧੂ ਤੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਹੋਏ ਕੈਂਪ 'ਚ ਵਿਦਿਆਰਥੀਆਂ ਤੇ ਵਲੰਟੀਅਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਿਖਲਾਈ ਦੌਰਾਨ ਐਨ. ਡੀ. ਆਰ. ਐਫ਼. ਦੀ 07 ਬਟਾਲੀਅਨ ਬਠਿੰਡਾ ਦੇ ਇੰਸਪੈਕਟਰ ਜੈਪਾਲ ਅਤੇ ਉਨ੍ਹਾਂ ਦੀ ਟੀਮ ਨੇ ਵਲੰਟੀਅਰਾਂ ਨੂੰ ਕਿਸੇ ਵੀ ਆਫ਼ਤਾਂ ਦੀ ਸਥਿਤੀ ਵਿਚ 'ਸਰਚ ਅਤੇ ਲੋਕੇਸ਼ਨ' ਤਕਨੀਕਾਂ ਬਾਰੇ ਦੱਸਿਆ | ਉਨ੍ਹਾਂ ਨੇ ਪ੍ਰੈਕਟੀਕਲ ਡੈਮੋ ਰਾਹੀਂ ਸਟਰੈਚਰ ਦੀ ਸਹੀ ਵਰਤੋਂ ਤੇ ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਤਰੀਕੇ ਸਿਖਾਏ | ਕੈਂਪ ਦੇ ਛੇਵੇਂ ਦਿਨ ਰੈੱਡ ਕਰਾਸ ਫ਼ਾਜ਼ਿਲਕਾ ਦੀ ਟੀਮ ਤੋਂ ਲੈਕਚਰਾਰ ਰਾਜੀਵ ਮਲਿਕ ਤੇ ਸੁਰਜੀਤ ਕੌਰ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਵਲੰਟੀਅਰਾਂ ਨੂੰ ਦੱਸਿਆ ਕਿ ਮੁੱਢਲੀ ਸਹਾਇਤਾ ਕਿਸੇ ਦੀ ਜਾਨ ਬਚਾਉਣ ਲਈ ਕਿੰਨੀ ਜ਼ਰੂਰੀ ਹੈ | ਉਨ੍ਹਾਂ ਨੇ ਸੀ. ਪੀ. ਆਰ. ਦੇਣ ਦੀ ਸਹੀ ਵਿਧੀ ਤੇ ਮੁੱਢਲੀ ਸਹਾਇਤਾ ਦੇਣ ਵਾਲੇ ਵਿਅਕਤੀ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ ਨੇ ਸਿਵਲ ਡਿਫੈਂਸ ਦੀ ਸਮਾਜ ਵਿਚ ਭੂਮਿਕਾ ਬਾਰੇ ਦੱਸਿਆ | ਇਸ ਦੌਰਾਨ ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟਰੇਨਰ ਸੰਦੀਪ ਕੰਬੋਜ, ਮਨਜੀਤ ਸਿੰਘ ਤੇ ਕਾਲਜ ਸਟਾਫ਼ ਦੇ ਹੋਰ ਮੈਂਬਰ ਵੀ ਮੌਜੂਦ ਸਨ |