ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਫ਼ਸਰ ਨਵੀਨ ਗਡਵਾਲ ਦੀ ਰਹਿਨੁਮਾਈ ਹੇਠ ਸਾਡੇ ਬਜ਼ੁਰਗ ਸਾਡਾ ਮਾਣ ਤਹਿਤ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਸਿਹਤ ਸੇਵਾਵਾਂ ਸੰਬੰਧੀ ਕੈਂਪ ਲਗਾਇਆ ਗਿਆ | ਜਿਸ 'ਚ ਬਜ਼ੁਰਗਾਂ ਦੇ ਸੀਨੀਅਰ ਸਿਟੀਜ਼ਨ ਕਾਰਡ, ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਗਏ ਤੇ ਬਜ਼ੁਰਗਾਂ ਨੂੰ ਬੈਂਕਾਂ ਦੀਆਂ ਸਕੀਮਾਂ ਤੇ ਆਨਲਾਈਨ ਫਰਾਡ ਤੋਂ ਬਚਾਅ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ | ਕੈਂਪ ਵਿਚ ਮੁੱਖ ਮਹਿਮਾਨ ਵਜੋਂ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸ਼ਿਰਕਤ ਕੀਤੀ | ਇਸ ਮੌਕੇ ਐੱਸ. ਡੀ. ਐੱਮ. ਫ਼ਾਜ਼ਿਲਕਾ ਵੀਰਪਾਲ ਕੌਰ, ਸਿਵਲ ਸਰਜਨ ਡਾ. ਕਵਿਤਾ ਤੇ ਵਿਧਾਇਕ ਸਵਨਾ ਦੀ ਧਰਮ ਪਤਨੀ ਮੈਡਮ ਖ਼ੁਸ਼ਬੂ ਸਾਵਨਸੁੱਖਾ ਸਵਨਾ ਵੀ ਮੌਜੂਦ ਸਨ | ਕੈਂਪ ਦੌਰਾਨ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਅੱਜ ਦੇ ਇਸ ਕੈਂਪ ਰਾਹੀਂ ਬਜ਼ੁਰਗਾਂ ਨੂੰ ਇਕ ਛੱਤ ਹੇਠਾਂ ਸਿਹਤ ਚੈੱਕਅਪ ਕੈਂਪ, ਪੰਜਾਬ ਨੈਸ਼ਨਲ ਬੈਂਕ, ਹੈਲਪ ਡੈਸਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੇ ਬੁਢਾਪਾ ਪੈਨਸ਼ਨ ਲਈ ਸੇਵਾ ਕੇਂਦਰ ਤੇ ਐਲਿਮਕੋ ਨਾਲ ਸਬੰਧਿਤ ਸਕੀਮਾਂ ਦੀਆਂ ਸਟਾਲਾਂ ਲਗਾ ਕੇ ਸੁਵਿਧਾਵਾਂ ਦਿੱਤੀਆਂ ਗਈਆਂ | ਇਸ ਦੌਰਾਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਬਾਅਦ ਅੰਗਹੀਣ ਤੇ ਦਿਵਿਆਂਗ ਲੋਕਾਂ ਲਈ ਵੀ ਇਕ ਕੈਂਪ ਲਗਾਇਆ ਜਾਵੇਗਾ ਜਿਸ 'ਚ ਉਨ੍ਹਾਂ ਨੂੰ ਮੁਫ਼ਤ ਕੰਨਾਂ ਦੇ ਸੁਣਨ ਵਾਲੀਆਂ ਮਸ਼ੀਨਾਂ, ਇਲੈਕਟਿ੍ਕ ਟਰਾਈ ਸਾਈਕਲ ਤੇ ਬਨਾਵਟੀ ਅੰਗ ਵੰਡੇ ਜਾਣਗੇ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਫ਼ਾਜ਼ਿਲਕਾ 'ਚ ਪੰਜਾਬ ਸਰਕਾਰ ਵਲੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ 50 ਡਾਕਟਰ ਤਾਇਨਾਤ ਕੀਤੇ ਗਏ ਹਨ ਤੇ 7 ਅੱਜ ਵੀ ਨਵੇਂ ਲਗਾਏ ਗਏ ਹਨ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਐੱਮ. ਆਰ. ਮਸ਼ੀਨ ਵੀ ਜਲਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਲਈ ਇਕ ਨਵਾਂ ਹਸਪਤਾਲ ਵੀ 23 ਕਰੋੜ ਦੀ ਲਾਗਤ ਨਾਲ ਤਿਆਰ ਹੋ ਗਿਆ ਹੈ | ਉਪਰੰਤ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਉਨ੍ਹਾਂ ਦੀ ਧਰਮ-ਪਤਨੀ ਮੈਡਮ ਖ਼ੁਸ਼ਬੂ ਸਾਵਨਸੁੱਖਾ ਸਵਨਾ ਨੇ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਾਲੇ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਨੁਪਿ੍ਆ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਅਫ਼ਸਰ ਨਵੀਨ ਗਡਵਾਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਰਿਕ, ਬੀ. ਈ. ਈ. ਦਿਵੇਸ਼, ਨਿਸ਼ਾਂਤ ਸੇਤੀਆ, ਅਰਪਿਤ ਗੁਪਤਾ, ਵਿਨੋਦ ਖੁਰਾਨਾ ਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਅਲਕਾ ਆਦਿ ਹਾਜ਼ਰ ਸਨ |