ਅਬੋਹਰ, 2 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਵਰਿਆਮ ਨਗਰ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਲਈ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ, ਜਿਸ 'ਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਗੁਰਮੀਤ ਸਿੰਘ, ਪ੍ਰਧਾਨ ਜੰਗੀਰ ਸਿੰਘ ਤੇ ਦਸਤਾਰ ਸਿਖਲਾਈ ਕੋਚ ਜਸਨ ਸਿੰਘ ਦੇ ਸਹਿਯੋਗ ਨਾਲ ਦਸਤਾਰਬੰਦੀ ਮੁਕਾਬਲੇ ਕਰਵਾਏ | ਇਨ੍ਹਾਂ ਮੁਕਾਬਲਿਆਂ 'ਚ ਇਲਾਕੇ ਦੇ ਲੜਕੇ ਤੇ ਲੜਕੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਦੌਰਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੰਗੀਰ ਸਿੰਘ ਨੇ ਦੱਸਿਆ ਕਿ ਇਹ ਦਸਤਾਰਬੰਦੀ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਇਹ ਹੈ ਨੌਜਵਾਨ ਸਿੱਖੀ ਦੇ ਇਤਿਹਾਸ ਨੂੰ ਯਾਦ ਰੱਖਣ ਅਤੇ ਆਪਣੇ ਅਨਮੋਲ ਵਿਰਸੇ ਨੂੰ ਸੰਭਾਲ ਕੇ ਰੱਖਣ ਤਾਂ ਜੋ ਦੇਸ਼-ਵਿਦੇਸ਼ ਵਿਚ ਸਿੱਖ ਕੌਮ ਦੀ ਵੱਖਰੀ ਪਹਿਚਾਣ ਸਥਾਪਤ ਰਹਿ ਸਕੇ | ਇਨ੍ਹਾਂ ਦਸਤਾਰਬੰਦੀ ਮੁਕਾਬਲਿਆਂ ਦੌਰਾਨ ਲੜਕੀਆਂ 'ਚੋਂ ਸੁਖਮਨਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕਿਆਂ 'ਚੋਂ ਮਨਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਮੁਕਾਬਲੇ ਦੌਰਾਨ ਜੇਤੂਆਂ ਨੂੰ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |