ਜਲਾਲਾਬਾਦ, 3 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਬੀਤੇ ਦਿਨ ਨਾਨਕ ਨਗਰੀ ਜਲਾਲਾਬਾਦ ਵਿਖੇ ਵਿਆਹ ਸਮਾਗਮ ਦੇ ਦੌਰਾਨ ਲੜਕਿਆਂ ਦੀ ਆਪਸੀ ਹੋਈ ਲੜਾਈ 'ਚ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ 'ਤੇ 9 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਐੱਸ. ਐੱਚ. ਓ. ਇੰਸਪੈਕਟਰ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੇਵਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਢਾਣੀ ਮੌਜ਼ੇ ਵਾਲਾ (ਥਾਣਾ ਸਦਰ, ਜਲਾਲਾਬਾਦ) ਦੁਆਰਾ ਸਾਜਨ ਸਿੰਘ ਵਗ਼ੈਰਾ ਦੇ ਖ਼ਿਲਾਫ਼ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੇ ਭਰਾ ਦਾ ਲੜਕਾ ਕਰਮਜੀਤ ਸਿੰਘ (16) ਜੋਕਿ ਕ੍ਰਿਸ਼ਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਚੱਕ ਅਰਾਈਆਂਵਾਲਾ ਨਾਲ ਡੀ. ਜੇ. ਦੇ ਕੰਮ ਲਈ ਜਸਕਰਨ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਨਾਨਕ ਨਗਰੀ ਜਲਾਲਾਬਾਦ ਦੇ ਵਿਆਹ ਪ੍ਰੋਗਰਾਮ 'ਚ 1 ਫਰਵਰੀ 2026 ਨੂੰ ਉਨ੍ਹਾਂ ਦੇ ਘਰ ਗਿਆ ਸੀ, ਉਥੇ ਸਾਜਨ ਸਿੰਘ ਵਗ਼ੈਰਾ ਦੀ ਲੜਾਈ ਹੋ ਗਈ ਸੀ ਅਤੇ ਇਨ੍ਹਾਂ ਲੜਕਿਆਂ ਵਲੋਂ ਇਕ-ਦੂਸਰੇ ਨੂੰ ਸਿੱਧੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਇਸ ਦੌਰਾਨ ਇਕ ਫਾਇਰ ਕਰਮਜੀਤ ਸਿੰਘ ਦੇ ਸਿਰ 'ਤੇ ਲੱਗ ਗਿਆ ਸੀ ਅਤੇ ਜ਼ਖ਼ਮੀ ਹਾਲਤ 'ਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਕਰਮਜੀਤ ਸਿੰਘ ਦੀ ਮੌਤ ਹੋ ਗਈ ਹੈ | ਪੁਲਿਸ ਵਲੋਂ ਮੁੱਦਈ ਕੇਵਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਾਜਨ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਗੁਰੂ ਨਾਨਕ ਨਗਰੀ ਜਲਾਲਾਬਾਦ, ਸ਼ਿਵਮ ਪੁੱਤਰ ਗਗਨਦੀਪ ਸਿੰਘ ਵਾਸੀ ਲੱਲਾ ਬਸਤੀ ਜਲਾਲਾਬਾਦ, ਸਾਹਿਲ ਸੁਖੀਜਾ ਪੁੱਤਰ ਕਿ੍ਸ਼ਨ ਲਾਲ ਵਾਸੀ ਆਦਰਸ਼ ਨਗਰ ਜਲਾਲਾਬਾਦ, ਲਵੀਸ਼ ਪੁੱਤਰ ਜਗਦੀਸ਼ ਕੁਮਾਰ ਵਾਸੀ ਦਸਮੇਸ਼ ਨਗਰ ਜਲਾਲਾਬਾਦ, ਨੰਨਾ ਪੁੱਤਰ ਸ਼ਾਮ ਸਿੰਘ ਵਾਸੀ ਮੁਹੱਲਾ ਰਠੌੜਾ ਵਾਲਾ ਜਲਾਲਾਬਾਦ ਤੇ 3-4 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |