ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਨੇ ਹਨੀਟਰੈਪ ਦੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦੋ ਮਹਿਲਾਵਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਹ ਗਰੋਹ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਜਬਰ-ਜਨਾਹ ਦੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਮੋਟੀਆਂ ਰਕਮਾਂ ਵਸੂਲਦਾ ਸੀ | ਥਾਣਾ ਸਦਰ ਦੇ ਐੱਸ. ਐੱਚ. ਓ. ਪ੍ਰਗਟ ਸਿੰਘ ਨੇ ਦੱਸਿਆ ਕਿ ਪਿੰਡ ਲਾਲੋ ਵਾਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ | ਸ਼ਿਕਾਇਤਕਰਤਾ ਮੁਤਾਬਿਕ ਜਦੋਂ ਉਹ ਕੰਮ ਲਈ ਫ਼ਾਜ਼ਿਲਕਾ ਆ ਰਿਹਾ ਸੀ ਤਾਂ ਪਿੰਡ ਜਟਵਾਲੀ ਦੇ ਕੋਲ ਇਕ ਮਹਿਲਾ ਉਸ ਦੀ ਕਾਰ 'ਚ ਸਵਾਰ ਹੋ ਗਈ | ਇਸ ਦੌਰਾਨ ਰਤਨ ਸਿੰਘ ਨਾਮੀ ਵਿਅਕਤੀ ਨੇ ਉਸ ਦੀਆਂ ਤਸਵੀਰਾਂ ਖਿੱਚ ਲਈਆਂ | ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ 2 ਲੱਖ ਰੁਪਏ ਦੀ ਮੰਗ ਕੀਤੀ | ਪੀੜਤ ਮੁਤਾਬਿਕ ਉਹ ਹੁਣ ਤੱਕ 50 ਹਜ਼ਾਰ ਰੁਪਏ ਮੁਲਜ਼ਮਾਂ ਨੂੰ ਦੇ ਚੁੱਕਾ ਸੀ | ਪੁਲਿਸ ਨੇ ਇਸ ਮਾਮਲੇ ਵਿਚ ਕੁਲ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਕਾਰਵਾਈ ਕਰਦੇ ਹੋਏ ਪਰਵੀਨ ਤੇ ਆਸ਼ਾ ਰਾਣੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਬਾਕੀ ਮੁਲਜ਼ਮਾਂ ਤੇ ਮੁੱਖ ਸਰਗਨਾ ਰਤਨ ਸਿੰਘ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ |