ਅਬੋਹਰ, 3 ਫਰਵਰੀ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀ. ਜੀ. ਪੀ. ਪੰਜਾਬ ਹੋਮ ਗਾਰਡਜ਼ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਅਤੇ ਕੰਟਰੋਲਰ ਸਿਵਲ ਡਿਫੈਂਸ ਫ਼ਾਜ਼ਿਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਆਈ. ਏ. ਐੱਸ. ਅਤੇ ਜ਼ਿਲ੍ਹਾ ਕਮਾਂਡਰ ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਗਰੇਵਾਲ ਦੀ ਅਗਵਾਈ 'ਚ ਡੀ. ਏ. ਵੀ. ਕਾਲਜ ਅਬੋਹਰ 'ਚ ਸੱਤ ਰੋਜ਼ਾ ਸਿਵਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ | ਟਰੇਨਿੰਗ ਕੋਰਸ ਦੇ ਪਹਿਲੇ ਦਿਨ ਮੁੱਖ ਮਹਿਮਾਨ ਜ਼ਿਲ੍ਹਾ ਕਮਾਂਡਰ ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਲਵਦੀਪ ਸਿੰਘ ਗਰੇਵਾਲ ਤੇ ਡੀ. ਏ. ਵੀ. ਕਾਲਜ ਦੇ ਵਾਇਸ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਖੱਤਰੀ ਨੇ ਜੋਤ ਜਗਾ ਕੇ ਟ੍ਰੇਨਿੰਗ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਸਿੱਖਿਆਰਥੀਆਂ ਨੂੰ ਸੰਬੋਧਿਤ ਕੀਤਾ | ਟ੍ਰੇਨਿੰਗ ਕੋਰਸ ਦੇ ਦੂਸਰੇ ਤੇ ਤੀਸਰੇ ਦਿਨ ਨੂੰ ਫਾਇਰ ਬਿ੍ਗੇਡ ਟੀਮ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਵਲੰਟੀਅਰਜ਼ ਨੂੰ ਅੱਗ ਦੀਆਂ ਕਿਸਮਾਂ, ਵੱਖ-ਵੱਖ ਕਿਸਮ ਦੇ ਅੱਗ ਬੁਝਾਉਣ ਦੇ ਸਹੀ ਤਰੀਕਿਆਂ ਬਾਰੇ ਤੇ ਅੱਗ ਬੁਝਾਊ ਯੰਤਰਾਂ ਦਾ ਪ੍ਰੈਕਟੀਕਲ ਕਰਵਾ ਕਰਕੇ ਜਾਣਕਾਰੀ ਦਿੱਤੀ ਗਈ | ਟ੍ਰੇਨਿੰਗ ਕੋਰਸ ਦੇ ਚੌਥੇ ਤੇ ਪੰਜਵੇਂ ਦਿਨ ਨੂੰ ਐਨ. ਡੀ. ਆਰ. ਐਫ. 07 ਬਟਾਲੀਅਨ ਬਠਿੰਡਾ ਵਲੋਂ ਇੰਸਪੈਕਟਰ ਜੈਪਾਲ ਤੇ ਉਨ੍ਹਾਂ ਦੀ ਟੀਮ ਦੁਆਰਾ ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ 'ਚ ਬਚਾਅ ਦੇ ਤਰੀਕੇ, ਨੁਕਸਾਨੀ ਹੋਈ ਇਮਾਰਤਾਂ 'ਚ ਸੁਰੱਖਿਅਤ ਢੰਗ ਨਾਲ ਦਾਖਲ ਹੋਣ 'ਤੇ ਜ਼ਖ਼ਮੀ ਵਿਅਕਤੀਆਂ ਨੂੰ ਬਚਾਉਣ ਬਾਰੇ ਅਤੇ ਆਫ਼ਤਾਂ ਪ੍ਰਬੰਧਨ ਬਾਰੇ ਲੈਕਚਰ ਦੇ ਕੇ ਅਤੇ ਪ੍ਰੈਕਟੀਕਲ/ਡੈਮੋ ਕਰਵਾ ਕੇ ਜਾਗਰੂਕ ਕੀਤਾ ਅਤੇ ਆਫ਼ਤਾਂ ਪ੍ਰਬੰਧਨ ਸੰਬੰਧੀ ਜਾਣਕਾਰੀ ਦਿੱਤੀ ਗਈ | ਟਰੇਨਿੰਗ ਕੋਰਸ ਦੇ ਛੇਵੇਂ 'ਤੇ ਸੱਤਵੇਂ ਦਿਨ ਨੂੰ ਰੈੱਡ ਕਰਾਸ ਟੀਮ ਫ਼ਾਜ਼ਿਲਕਾ ਵਿਚ ਲੈਕ. ਰਾਜੀਵ ਮਲਿਕ ਤੇ ਮੈਡਮ ਲੈਕ. ਸੁਰਜੀਤ ਕੌਰ ਵਲੋਂ ਮੁੱਢਲੀ ਸਹਾਇਤਾ ਦੇ ਮਹੱਤਵ, ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਦੇ ਢੰਗ ਅਤੇ ਸੀ. ਪੀ. ਆਰ. ਦੇਣ ਦੀ ਵਿਧੀ ਦਾ ਪ੍ਰੈਕਟੀਕਲ ਕਰਵਾਇਆ | ਟਰੇਨੀਜ ਵਲੋਂ ਪੂਰੇ ਉਤਸ਼ਾਹ ਨਾਲ ਪ੍ਰੈਕਟੀਕਲ ਵਿਚ ਭਾਗ ਲਿਆ ਗਿਆ | ਇਸ ਸਮੇਂ ਸਟੋਰ ਸੁਪਰਡੈਂਟ ਸਿਵਲ ਡਿਫੈਂਸ ਪਰਮਿੰਦਰ ਸਿੰਘ ਬਾਠ ਵਲੋਂ ਇਸ ਟ੍ਰੇਨਿੰਗ ਪ੍ਰੋਗਰਾਮ 'ਚ ਭਾਗ ਲੈਣ ਵਾਲੇ ਵਲੰਟੀਅਰਜ਼ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਦੇਸ਼ ਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਨ ਦਾ ਸੰਦੇਸ਼ ਦਿੱਤਾ ਤੇ ਹਾਜ਼ਰ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮਾਜ ਸੇਵਕ ਸਰਯੂ ਗਾਬਾ, ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟਰੇਨਰ ਸੰਦੀਪ ਕੰਬੋਜ, ਕੰਪਨੀ ਕਮਾਂਡਰ ਪਰਮਜੀਤ ਸਿੰਘ ਤੇ ਮਾਸਟਰ ਟਰੇਨਰ ਮਨਜੀਤ ਸਿੰਘ ਆਦਿ ਹਾਜ਼ਰ ਸਨ |