ਫ਼ਾਜ਼ਿਲਕਾ, 21 ਫਰਵਰੀ (ਦਵਿੰਦਰ ਪਾਲ ਸਿੰਘ)-ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੂਲ ਸ਼ਾਹ ਖੁੱਬਣ ਦੇ ਭਾਸ਼ਾ ਵਿਭਾਗ ਨੇ ਇਕ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਸਕੂਲ ਪਿ੍ੰਸੀਪਲ ਡਾ. ਨਵਜੋਤ ਕੌਰ ਸਰਾਂ ਸਟੇਟ ਐਵਾਰਡੀ ਵਲੋਂ ਕੀਤੀ ਗਈ | ਸਕੂਲ ਦੇ ਪੰਜਾਬੀ ਅਧਿਆਪਕ ਹਰਨੇਕ ਸਿੰਘ ਵਲੋਂ ਵਿਦਿਆਰਥੀਆਂ ਦੇ ਰੁਬਰੂ ਹੁੰਦਿਆਂ ਦੱਸਿਆ ਕਿ ਮਾਂ ਬੋਲੀ ਪੰਜਾਬੀ ਅਜਿਹੀ ਬੋਲੀ ਹੈ, ਜਿਸ ਜਿੰਨਾ ਵੀ ਸੁਣੀਏ ਵਿਚਾਰੀਏ ਦਿਲ ਨੂੰ ਸਕੂਨ ਮਿਲਦਾ ਹੈ | ਉਨ੍ਹਾਂ ਨਵੀਂ ਪੀੜੀ ਨੂੰ ਮਾਂ ਬੋਲੀ ਪੰਜਾਬੀ ਦੇ ਪਹਿਰੇਦਾਰ ਬਣਨ ਦਾ ਵੀ ਸੱਦਾ ਦਿੱਤਾ | ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਉਤਸ਼ਾਹ ਨਾਲ ਭਾਗ ਲਿਆ ਗਿਆ | ਸਕੂਲ ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਬੰਦੇ ਦਾ ਸਭ ਤੋਂ ਨੇੜਲਾ ਰਿਸ਼ਤਾ ਆਪਣੀ ਮਾਂ ਨਾਲ ਹੁੰਦਾ ਹੈ, ਜੇ ਮਾਂ ਮਨੁੱਖ ਨੂੰ ਜਨਮ ਦਿੰਦੀ ਹੈ, ਤਾਂ ਬੋਲੀ ਉਸ ਨੂੰ ਜ਼ਿੰਦਗੀ ਦੇ ਅਰਥ ਦੱਸ ਕੇ ਜਿਊਣ ਦਾ ਢੰਗ ਸਮਝਾਉਂਦੀ ਹੈ | ਇਸੇ ਕਰਕੇ ਬੋਲੀ ਨਾਲ ਮਾਂ ਦਾ ਰਿਸ਼ਤਾ ਜੋੜਿਆ ਗਿਆ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮਿੱਠੀ ਅਸੀਸ ਦਿੰਦਿਆਂ ਕਿਹਾ ਕਿ ਤੁਹਾਨੂੰ ਆਪਣੀ ਮਾਂ ਬੋਲੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |