ਫ਼ਾਜ਼ਿਲਕਾ, 23 ਫਰਵਰੀ (ਦਵਿੰਦਰ ਪਾਲ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਮੇਂ ਸਰੋਂ੍ਹ ਦੀ ਫ਼ਸਲ 'ਤੇ ਚਿੱਟੀ ਕੰੁਗੀ ਤੇ ਕਾਲੇ ਧੱਬਿਆਂ ਦਾ ਰੋਗ ਦਾ ਹਮਲਾ ਹੋ ਸਕਦਾ ਹੈ, ਜਿਸ ਨਾਲ ਉਪਜ ਤੇ ਗੁਣਵੱਤਾ ਵਿਚ ਕਾਫ਼ੀ ਘਾਟ ਆ ਸਕਦੀ ਹੈ | ਇਸ ਲਈ ਕਿਸਾਨ ਸਮੇਂ ਸਿਰ ਰੋਗਾਂ ਦੀ ਪਛਾਣ ਕਰਕੇ ਤੁਰੰਤ ਰੋਕਥਾਮ ਲਈ ਕਦਮ ਚੁੱਕਣ | ਚਿੱਟੀ ਕੰੁਗੀ ਰੋਗ 'ਚ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ ਬਣ ਜਾਂਦੇ ਹਨ ਅਤੇ ਪੱਤੇ ਮੋਟੇ ਜਾਂ ਮੁੜ ਜਾਂਦੇ ਹਨ | ਕਈ ਵਾਰ ਫੁੱਲਾਂ ਤੇ ਫਲੀਆਂ ਦੀ ਬਣਤਰ ਵੀ ਵਿਗੜ ਜਾਂਦੀ ਹੈ | ਇਸ ਤੋਂ ਬਚਾਅ ਲਈ ਬੀਜ ਬੀਜਣ ਤੋਂ ਪਹਿਲਾਂ ਇਸ ਦਾ ਇਲਾਜ ਕਰਨਾ ਲਾਜ਼ਮੀ ਹੈ ਅਤੇ ਖੇਤ 'ਚ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ | ਰੋਗ ਦੇ ਲੱਛਣ ਦਿੱਖਣ 'ਤੇ ਮੈਟਾਲੈਕਸਿਲ ਪਲੱਸ ਮੈਨਕੋਜ਼ੇਬ 2 ਗਰਾਮ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਲਈ ਛਿੜਕਾਅ ਕੀਤਾ ਜਾਵੇ ਅਤੇ ਲੋੜ ਹੋਣ 'ਤੇ 10-12 ਦਿਨ ਬਾਅਦ ਦੁਬਾਰਾ ਛਿੜਕਾਅ ਕੀਤਾ ਜਾਵੇ | ਕਾਲੇ ਧੱਬਿਆਂ ਦੇ ਰੋਗ 'ਚ ਪੱਤਿਆਂ 'ਤੇ ਗੋਲ ਕਾਲੇ ਜਾਂ ਭੂਰੇ ਧੱਬੇ ਬਣ ਜਾਂਦੇ ਹਨ ਅਤੇ ਧੱਬਿਆਂ ਦੇ ਆਲੇ-ਦੁਆਲੇ ਪੀਲ਼ਾਪਣ ਆ ਸਕਦਾ ਹੈ | ਗੰਭੀਰ ਹਮਲੇ ਦੀ ਸਥਿਤੀ ਵਿਚ ਪੱਤੇ ਸੁੱਕ ਕੇ ਝੜ ਸਕਦੇ ਹਨ ਤੇ ਫਲੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ | ਇਸ ਰੋਗ ਤੋਂ ਬਚਾਅ ਲਈ ਫ਼ਸਲ ਚੱਕਰ ਅਪਣਾਇਆ ਜਾਵੇ ਅਤੇ ਇਕੋ ਖੇਤ 'ਚ ਲਗਾਤਾਰ ਸਰੋਂ੍ਹ ਦੀ ਕਾਸ਼ਤ ਨਾ ਕੀਤੀ ਜਾਵੇ | ਸੰਤੁਲਿਤ ਖਾਦਾਂ ਦੀ ਵਰਤੋਂ ਕੀਤੀ ਜਾਵੇ ਅਤੇ ਰੋਗ ਦੇ ਸ਼ੁਰੂਆਤੀ ਪੜਾਅ 'ਤੇ ਮੈਨਕੋਜ਼ੇਬ 2-2.5 ਗਰਾਮ ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਲਈ ਛਿੜਕਾਅ ਕੀਤਾ ਜਾਵੇ | ਡਾ. ਹਰਪ੍ਰੀਤਪਾਲ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਕਿਸੇ ਵੀ ਰੋਗ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ | ਸਮੇਂ ਸਿਰ ਰੋਕਥਾਮ ਕਾਰਵਾਈ ਕਰਕੇ ਸਰੋਂ੍ਹ ਦੀ ਫ਼ਸਲ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਤੇ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ |