ਫ਼ਾਜ਼ਿਲਕਾ, 10 ਮਾਰਚ (ਦਵਿੰਦਰ ਪਾਲ ਸਿੰਘ)-ਸਰਹੱਦੀ ਖੇਤਰ ਦੇ ਨੌਜਵਾਨ ਹੁਣ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੇ ਹਨ | ਇਸੇ ਲੜੀ ਤਹਿਤ ਫ਼ਾਜ਼ਿਲਕਾ ਦੇ ਗਾਂਧੀ ਨਗਰ ਦੀ ਰਹਿਣ ਵਾਲੀ ਬਰਿੰਦਰ ਪਾਲ ਕੌਰ ਨੇ 'ਇੰਸਟੀਚਿਊਟ ਆਫ਼ ਚਾਰਟਰਡ ਅਕਾਊਾਟੈਂਟ ਆਫ਼ ਇੰਡੀਆ' ਨਵੀਂ ਦਿੱਲੀ ਵਲੋਂ ਐਲਾਨੇ ਨਤੀਜਿਆਂ ਵਿਚ ਸਫਲਤਾ ਹਾਸਲ ਕਰਕੇ ਚਾਰਟਰਡ ਅਕਾਊਾਟੈਂਟ ਬਣਨ ਦਾ ਮਾਣ ਹਾਸਲ ਕੀਤਾ ਹੈ | ਬਰਿੰਦਰ ਪਾਲ ਕੌਰ ਦੇ ਪਿਤਾ ਦਰਸ਼ਨ ਸਿੰਘ ਤਨੇਜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਫਿਜ਼ਿਕਸ ਦੇ ਲੈਕਚਰਾਰ ਹਨ ਅਤੇ ਮਾਤਾ ਤਰਨਜੀਤ ਕੌਰ ਪੀ.ਐਮ.ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਾਜ਼ਿਲਕਾ ਵਿਖੇ ਐੱਸ.ਐੱਸ.ਮਿਸਟਰੈੱਸ ਵਜੋਂ ਸੇਵਾਵਾਂ ਨਿਭਾ ਰਹੇ ਹਨ | ਬਰਿੰਦਰ ਪਾਲ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸਕੂਲ ਤੋਂ ਪੂਰੀ ਕੀਤੀ ਹੈ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਰਿਤੂ ਭੁਸਰੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬਰਿੰਦਰ ਪਾਲ ਕੌਰ ਬਚਪਨ ਤੋਂ ਹੀ ਬਹੁਤ ਮਿਹਨਤੀ ਅਤੇ ਹੋਣਹਾਰ ਵਿਦਿਆਰਥਣ ਰਹੀ ਹੈ | ਉਨ੍ਹਾਂ ਨੇ ਬਰਿੰਦਰ ਪਾਲ ਕੌਰ ਅਤੇ ਉਸ ਦੇ ਮਾਪਿਆਂ ਨੂੰ ਇਸ ਵੱਡੀ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਬੇਟੀ ਦੀ ਇਸ ਸਫਲਤਾ 'ਤੇ ਪੂਰੇ ਤਨੇਜਾ ਪਰਿਵਾਰ ਨੂੰ ਇਲਾਕੇ ਦੇ ਪਤਵੰਤਿਆਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ |