ਅਬੋਹਰ, 10 ਮਾਰਚ (ਵਿਵੇਕ ਹੂੜੀਆ)-ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਬੀਤੀ ਰਾਤ ਚੋਰਾਂ ਨੇ ਇਕੋ ਵਾਰਡ ਵਿਚ ਦਾਖਲ 5 ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਮੋਬਾਈਲ ਫ਼ੋਨ ਤੇ ਪਾਵਰ ਬੈਂਕ ਚੋਰੀ ਕਰ ਲਏ | ਇਸ ਘਟਨਾ ਕਾਰਨ ਮਰੀਜ਼ਾਂ ਵਿਚ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵਾਰਡ ਨੰਬਰ 147 ਵਿਚ ਦਾਖਲ ਵਰੁਨ ਦੇ ਪਿਤਾ ਅਸ਼ਵਨੀ ਕੁਮਾਰ ਵਾਸੀ ਅਨੰਦ ਨਗਰੀ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਪੁੱਤਰ ਕੋਲ ਰੁਕੇ ਹੋਏ ਸਨ, ਜਦੋਂ ਅਣਪਛਾਤੇ ਚੋਰ ਉਨ੍ਹਾਂ ਦਾ ਮੋਬਾਈਲ ਅਤੇ ਪਾਵਰ ਬੈਂਕ ਲੈ ਗਏ | ਇਸੇ ਤਰ੍ਹਾਂ ਧਰਮ ਨਗਰੀ ਦੇ ਲਲਿਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਬਿਮਾਰ ਸੱਸ ਦਾ ਪਤਾ ਲੈਣ ਆਏ ਸਨ ਅਤੇ ਚੋਰਾਂ ਨੇ ਉਨ੍ਹਾਂ ਦੀ ਜੇਬ ਵਿਚੋਂ ਮੋਬਾਈਲ ਕੱਢ ਲਿਆ | ਰਾਮਦੇਵ ਨਗਰੀ ਦੇ ਵੀਰਭਾਨ, ਜੋ ਕਿ ਲੜਾਈ ਵਿਚ ਜ਼ਖਮੀ ਹੋਣ ਕਾਰਨ ਇਲਾਜ ਅਧੀਨ ਸੀ ਅਤੇ ਆਰੀਆ ਨਗਰ ਦੇ ਰਾਹੁਲ ਦਾ ਮੋਬਾਈਲ ਵੀ ਚੋਰਾਂ ਨੇ ਰਾਤੋ-ਰਾਤ ਸਾਫ਼ ਕਰ ਦਿੱਤਾ | ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਉਦੋਂ ਖੁੱਲ੍ਹੀ ਜਦੋਂ ਪਤਾ ਲੱਗਾ ਕਿ ਉੱਪਰਲੇ ਵਾਰਡ ਵਿਚ ਸਿਰਫ਼ ਇਕ ਕੈਮਰਾ ਲੱਗਾ ਹੈ, ਜਿਸ ਵਿਚ ਕੁੱਝ ਵੀ ਸਾਫ਼ ਨਜ਼ਰ ਨਹੀਂ ਆਉਂਦਾ | ਹਸਪਤਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਕੈਮਰੇ ਲਗਾਉਣ ਲਈ ਉੱਚ ਅਧਿਕਾਰੀਆਂ ਨੂੰ ਪ੍ਰਸਤਾਵ ਭੇਜਿਆ ਗਿਆ ਹੈ | ਉਨ੍ਹਾਂ ਪੁਲਿਸ 'ਤੇ ਦੋਸ਼ ਲਾਇਆ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਇੱਥੇ ਪੱਕੀ ਤਾਇਨਾਤੀ ਨਹੀਂ ਕੀਤੀ ਜਾ ਰਹੀ | ਹਸਪਤਾਲ ਵਿਚ ਫ਼ਿਲਹਾਲ ਸਿਰਫ਼ ਇਕ ਮਹਿਲਾ ਮੁਲਾਜ਼ਮ ਹੈ ਜੋ ਸ਼ਾਮ 5 ਵਜੇ ਚਲੀ ਜਾਂਦੀ ਹੈ, ਜਿਸ ਕਾਰਨ ਰਾਤ ਸਮੇਂ ਮਰੀਜ਼ ਅਸੁਰੱਖਿਅਤ ਮਹਿਸੂਸ ਕਰਦੇ ਹਨ |