30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਗਵੰਤ ਮਾਨ ਦੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਪੰਜਾਬ ਨੂੰ 'ਵਿੱਤੀ ਅਰਾਜਕਤਾ' ਵੱਲ ਧੱਕ ਰਹੇ ਹਨ-ਮੋਨਾ ਜੈਸਵਾਲ

Ad Position 21
No active advertisement
ਅਜੀਤ ਡੈਸਕ 03-04-2026
ਅਬੋਹਰ, 2 ਅਪ੍ਰੈਲ (ਵਿਵੇਕ ਹੂੜੀਆ)-ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦਾ ਕਰਜ਼ਾ ਨਾ ਉਤਾਰਨ ਸਬੰਧੀ ਦਿੱਤੇ ਬਿਆਨ 'ਤੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਮੋਨਾ ਜੈਸਵਾਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ 'ਸਟੇਟ' ਅਤੇ 'ਸਟੇਜ' (ਮੰਚ) ਵਿਚਲਾ ਫ਼ਰਕ ਹੀ ਭੁੱਲ ਗਏ ਹਨ | ਮੋਨਾ ਜੈਸਵਾਲ ਨੇ ਕਿਹਾ ਕਿ ਅੱਜ ਪੰਜਾਬ ਸਿਰ ਲਗਭਗ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਜੋ ਸੂਬੇ ਦੀ ਆਰਥਿਕਤਾ 'ਤੇ ਭਾਰੀ ਬੋਝ ਬਣ ਚੁੱਕਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਹਰ ਮੰਚ ਤੋਂ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੇ ਸਨ, ਪਰ ਸੱਤਾ ਸੰਭਾਲਣ ਤੋਂ ਬਾਅਦ ਕਰਜ਼ੇ ਦਾ ਬੋਝ ਘਟਣ ਦੀ ਬਜਾਏ ਹੋਰ ਵੱਧ ਗਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਖੁੱਲ੍ਹੇਆਮ ਕਰਜ਼ਾ ਨਾ ਉਤਾਰਨ ਵਰਗੇ ਬਿਆਨ ਦੇਣਾ ਬੇਸ਼ਰਮੀ ਦੀ ਹੱਦ ਹੈ, ਜੋ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਸੱਟ ਮਾਰਦਾ ਹੈ | ਭਾਜਪਾ ਆਗੂ ਨੇ ਚੇਤਾਵਨੀ ਦਿੱਤੀ ਕਿ ਅਜਿਹੀ ਬਿਆਨਬਾਜ਼ੀ ਨਾਲ ਰਾਜ ਦੀ ਵਿੱਤੀ ਸਾਖ 'ਤੇ ਨਕਾਰਾਤਮਿਕ ਪ੍ਰਭਾਵ ਪੈਂਦਾ ਹੈ ਅਤੇ ਨਿਵੇਸ਼ਕਾਂ ਦਾ ਭਰੋਸਾ ਡਗਮਗਾਉਂਦਾ ਹੈ | ਜੇਕਰ ਇਹੀ ਰਵੱਈਆ ਜਾਰੀ ਰਿਹਾ ਤਾਂ ਪੰਜਾਬ ਹੌਲੀ-ਹੌਲੀ 'ਫਾਈਨੈਂਸ਼ੀਅਲ ਅਨਾਰਕੀ' (ਵਿੱਤੀ ਅਰਾਜਕਤਾ) ਵੱਲ ਵਧ ਜਾਵੇਗਾ | ਉਨ੍ਹਾਂ ਕਿਹਾ ਕਿ ਬਦਲਾਅ ਦੀ ਉਮੀਦ ਰੱਖਣ ਵਾਲੀ ਜਨਤਾ ਅੱਜ ਆਪਣੇ-ਆਪ ਨੂੰ ਠਗਿਆ ਮਹਿਸੂਸ ਕਰ ਰਹੀ ਹੈ | ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਬਿਆਨਬਾਜ਼ੀ ਛੱਡ ਕੇ ਠੋਸ ਨੀਤੀਆਂ ਬਣਾਉਣ ਅਤੇ ਖ਼ਰਚਿਆਂ 'ਤੇ ਕੰਟਰੋਲ ਕਰਕੇ ਸੂਬੇ ਨੂੰ ਕਰਜ਼ੇ ਦੇ ਦਲਦਲ ਵਿਚੋਂ ਬਾਹਰ ਕੱਢਣ ਲਈ ਗੰਭੀਰ ਯਤਨ ਕਰਨ, ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿਚ ਲੋਕ ਭਾਜਪਾ ਦੀ ਵਿਕਸਤ ਵਿਜ਼ਨ ਵਾਲੀ ਸਰਕਾਰ ਚੁਣਨਗੇ |
Ad Position 22
No active advertisement
ਪਿਛਲੀ ਖ਼ਬਰ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਵਿਚ ਨਵੇਂ ਵਿੱਦਿਅਕ ਸੈਸ਼ਨ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਮੌਸਮ ਦੇ ਬਦਲਦੇ ਰੰਗਾਂ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਕੀਤੀਆਂ ਡੂੰਘੀਆਂ, ਖੇਤਾਂ 'ਚ ਖੜ੍ਹੀ ਕਣਕ ਦੀ...
Ad Position 24