ਮੰਡੀ ਘੁਬਾਇਆ, 2 ਅਪ੍ਰੈਲ (ਅਮਨ ਬਵੇਜਾ)-ਮੌਸਮੀ ਤਬਦੀਲੀਆਂ ਨੇ ਬਦਲਦੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਕਾਫ਼ੀ ਵਧਾ ਦਿੱਤੀਆਂ ਹਨ | ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਇਸ ਸਮੇਂ ਪੱਕਣ ਦੇ ਆਖ਼ਰੀ ਪੜਾਅ 'ਚ ਹੈ, ਪਰ ਅਚਾਨਕ ਬਦਲ ਰਹੇ ਮੌਸਮ ਕਾਰਨ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਗਿਆ ਹੈ | ਕਦੇ ਤੇਜ਼ ਧੁੱਪ, ਕਦੇ ਬਾਰਸ਼ ਅਤੇ ਕਦੇ ਠੰਢੀ ਹਵਾਵਾਂ ਦੇ ਨਾਲ ਭਾਰੀ ਗੜੇਮਾਰੀ ਵਰਗੀਆਂ ਸਥਿਤੀਆਂ ਨੇ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਕਰ ਰਹੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ ਵਿਚ ਮੌਸਮ ਦਾ ਕੋਈ ਭਰੋਸਾ ਨਹੀਂ ਰਹਿ ਗਿਆ | ਸਵੇਰੇ ਧੁੱਪ ਹੋਣ ਤੋਂ ਬਾਅਦ ਦੁਪਹਿਰ ਨੂੰ ਅਚਾਨਕ ਬੱਦਲ ਛਾ ਜਾਂਦੇ ਹਨ ਅਤੇ ਕਈ ਵਾਰ ਹਲਕੀ ਬਾਰਸ਼ ਵੀ ਹੋ ਜਾਂਦੀ ਹੈ | ਇਸ ਤਰ੍ਹਾਂ ਦੇ ਮੌਸਮ ਨਾਲ ਕਣਕ ਦੀ ਫ਼ਸਲ ਉੱਤੇ ਬੁਰਾ ਅਸਰ ਪੈ ਸਕਦਾ ਹੈ | ਖ਼ਾਸ ਕਰਕੇ ਜੇ ਇਸ ਸਮੇਂ ਤੇਜ਼ ਮੀਂਹ ਜਾਂ ਗੜੇਮਾਰੀ ਹੋਵੇ ਤਾਂ ਫ਼ਸਲ ਡਿੱਗਣ ਦਾ ਡਰ ਬਣਿਆ ਹੋਇਆ ਹੈ ਅਤੇ ਦਾਣੇ ਦੀ ਗੁਣਵੱਤਾ 'ਤੇ ਵੀ ਅਸਰ ਪੈ ਸਕਦਾ ਹੈ | ਪਿਛਲੇ ਦਿਨੀਂ ਵੀ ਮੰਡੀ ਘੁਬਾਇਆ ਅਤੇ ਹੋਰਨਾਂ ਕਈ ਪਿੰਡਾਂ 'ਚ ਹਲਕੀ ਗੜੇਮਾਰੀ ਹੋ ਚੁੱਕੀ ਹੈ | ਜਿਸ ਕਾਰਨ ਕਿਸਾਨ ਡਰ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਮੌਸਮ ਵਿਚ ਸੁਧਾਰ ਦੀ ਅਰਦਾਸ ਕਰ ਰਹੇ ਹਨ | ਕਈ ਕਿਸਾਨਾਂ ਨੇ ਦੱਸਿਆ ਕਿ ਉਹ ਕਟਾਈ ਲਈ ਤਿਆਰੀਆਂ ਕਰ ਰਹੇ ਸਨ, ਪਰ ਮੌਸਮ ਦੇ ਬਦਲੇ ਰੁੱਖ ਨੇ ਉਨ੍ਹਾਂ ਨੂੰ ਚਿੰਤਤ ਕਰ ਦਿੱਤਾ ਹੈ | ਕੁੱਝ ਥਾਵਾਂ 'ਤੇ ਹਲਕੀ ਬਾਰਸ਼ ਕਾਰਨ ਫ਼ਸਲ ਝੁਕਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ, ਜਿਸ ਨਾਲ ਕਟਾਈ ਵਿਚ ਮੁਸ਼ਕਲਾਂ ਆ ਸਕਦੀਆਂ ਹਨ | ਕਿਸਾਨਾਂ ਨੇ ਕਿਹਾ ਕਿ ਜੇ ਮੌਸਮ ਕੁੱਝ ਹੋਰ ਦਿਨ ਅਸਥਿਰ ਰਿਹਾ ਤਾਂ ਨੁਕਸਾਨ ਵੱਧ ਸਕਦਾ ਹੈ | ਪਿਛਲੇ ਦਿਨਾਂ 'ਚ ਵੱਖ ਵੱਖ ਖੇਤਰਾਂ 'ਚ ਹੋਈ ਭਾਰੀ ਗੜੇਮਾਰੀ ਨੇ ਕਿਸਾਨਾਂ ਨੂੰ ਸਭ ਤੋਂ ਵੱਡੀ ਚਿੰਤਾ ਵੱਲ ਧੱਕਿਆ ਹੈ | ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਿਸਾਨਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਲੋੜ ਹੈ |