ਫ਼ਾਜ਼ਿਲਕਾ, 10 ਅਪ੍ਰੈਲ (ਦਵਿੰਦਰ ਪਾਲ ਸਿੰਘ)-ਗ੍ਰੈਜੂਏਟਸ ਵੈੱਲਫੇਅਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਆਯੋਜਿਤ '18ਵਾਂ ਫ਼ਾਜ਼ਿਲਕਾ ਵਿਰਾਸਤ ਮੇਲਾ' ਧੂਮ-ਧਾਮ ਨਾਲ ਸ਼ੁਰੂ ਹੋਇਆ | ਮੇਲੇ ਦੀ ਪਹਿਲੀ ਸ਼ਾਮ 'ਜਸ਼ਨ-ਏ-ਰੂਹਾਨੀਅਤ' ਦੇ ਰੂਪ ਵਿਚ ਅਧਿਆਤਮਿਕ ਰੰਗ 'ਚ ਰੰਗੀ ਨਜ਼ਰ ਆਈ | ਪ੍ਰੋਗਰਾਮ ਦਾ ਸ਼ੁਭ ਆਰੰਭ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹੋਰ ਗਣਮਾਨਾਂ ਵਲੋਂ ਸਾਂਝੇ ਤੌਰ 'ਤੇ ਜੋਤ ਜਗਾ ਕੇ ਕੀਤਾ ਗਿਆ | ਇਸ ਰੂਹਾਨੀ ਸ਼ਾਮ ਦੌਰਾਨ ਭਜਨਾਂ ਅਤੇ ਧਾਰਮਿਕ ਪੇਸ਼ਕਾਰੀਆਂ ਨੇ ਹਾਜ਼ਰ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਸੇਠੀ, ਸੁਰਿੰਦਰ ਸਚਦੇਵਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ, ਐੱਸ.ਐੱਸ.ਪੀ.ਗੁਰਮੀਤ ਸਿੰਘ, ਰਾਕੇਸ਼ ਧੂੜੀਆ, ਮਹਿੰਦਰ ਧੀਂਗੜਾ, ਨਰੇਸ਼ ਸੇਤੀਆ, ਸੁਮੰਤ ਸੇਤੀਆ ਅਤੇ ਉਮੇਸ਼ ਕੁੱਕੜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੇਲੇ ਦੌਰਾਨ ਇਸ ਸਾਲ ਦਾ ਵੱਕਾਰੀ 'ਲਾਈਫਟਾਈਮ ਅਚੀਵਮੈਂਟ ਐਵਾਰਡ' ਫ਼ਾਜ਼ਿਲਕਾ ਦੀ ਮਸ਼ਹੂਰ ਸ਼ਖ਼ਸੀਅਤ ਦੇਸ ਰਾਜ ਬਤਰਾ ਨੂੰ ਪ੍ਰਦਾਨ ਕੀਤਾ ਗਿਆ | ਪਿਛਲੇ ਲਗਭਗ 50 ਸਾਲਾਂ ਤੋਂ ਆਪਣੇ ਪ੍ਰਸਿੱਧ ਸਮੋਸੇ ਅਤੇ ਕਚੌਰੀ ਰਾਹੀਂ ਫ਼ਾਜ਼ਿਲਕਾ ਨੂੰ ਦੇਸ਼ ਭਰ ਵਿਚ ਪਛਾਣ ਦਿਵਾਉਣ ਵਾਲੇ ਸ੍ਰੀ ਬਤਰਾ ਨੂੰ ਉਨ੍ਹਾਂ ਦੀ ਨਿਰੰਤਰ ਸੇਵਾ ਅਤੇ ਸਮਰਪਣ ਲਈ ਇਸ ਸਨਮਾਨ ਨਾਲ ਨਿਵਾਜਿਆ ਗਿਆ | ਇਹ ਪਹਿਲ ਡਾ.ਨਰਿੰਦਰ ਕੁੱਕੜ (ਅਮਰੀਕਾ) ਦੇ ਮਾਰਗ ਦਰਸ਼ਨ ਹੇਠ ਸੰਜੀਵ ਗਰੋਵਰ ਅਤੇ ਅਸ਼ਵਨੀ ਕੁੱਕੜ ਦੇ ਸਹਿਯੋਗ ਨਾਲ ਨੇਪਰੇ ਚੜ੍ਹੀ | ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਆਏ ਕਾਰੀਗਰਾਂ ਦੀ ਹਸਤ ਕਲਾ, ਫ਼ਿਰੋਜ਼ਾਬਾਦ ਦੀਆਂ ਚੂੜੀਆਂ ਅਤੇ ਜੈਪੁਰੀ ਲਾਖ ਦੀ ਜਵੈਲਰੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ | ਵੁਮੈਨ ਵੈੱਲਫੇਅਰ ਸੁਸਾਇਟੀ ਵਲੋਂ ਚਲਾਏ ਜਾ ਰਹੇ ਢਾਬੇ ਦੀ ਸਾਰੀ ਕਮਾਈ ਲੋੜਵੰਦ ਬੱਚਿਆਂ ਦੀ ਸਿੱਖਿਆ 'ਤੇ ਖ਼ਰਚ ਕੀਤੀ ਜਾਵੇਗੀ | ਪ੍ਰਬੰਧਕਾਂ ਵਲੋਂ ਅੱਗ ਬੁਝਾਊ ਯੰਤਰਾਂ ਸਮੇਤ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਐਸੋਸੀਏਸ਼ਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਸਭਿਆਚਾਰਕ ਉਤਸਵ ਦਾ ਅਨੰਦ ਮਾਣਨ |