ਅਬੋਹਰ, 10 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ, ਵਿਵੇਕ ਹੂੜੀਆ, ਸੁਖਜੀਤ ਸਿੰਘ ਬਰਾੜ)-ਸਥਾਨਕ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਵਿਦਿਆਰਥਣਾਂ ਨੇ ਇਸ ਸਾਲ ਐਮ.ਏ. ਅਰਥ ਸ਼ਾਸਤਰ ਦੇ ਤੀਜੇ ਸਮੈਸਟਰ ਦੇ ਐਲਾਨੇ ਗਏ ਪ੍ਰੀਖਿਆ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਫਲਤਾ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਦੱਸਿਆ ਕਿ ਕਾਲਜ ਦੀ ਹੋਣਹਾਰ ਵਿਦਿਆਰਥਣ ਤਮੰਨਾ ਬਾਂਸਲ ਨੇ 77.75 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦ ਕਿ ਪੂਜਾ ਨੇ 73.25 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਸ਼ਿਖਾ ਨੇ 67.75 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਾਲਜ ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਡਾ.ਮਨੋਜ ਫੁਟੇਲਾ, ਸ਼੍ਰੀਮਤੀ ਵਨੀਤਾ ਮੱਕੜ, ਸਮੁੱਚੇ ਸਟਾਫ਼ ਅਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਅਧਿਆਪਕਾਂ ਦੇ ਸਮਰਪਿਤ ਮਾਰਗਦਰਸ਼ਨ ਦਾ ਨਤੀਜਾ ਹੈ ਅਤੇ ਇਹ ਪ੍ਰਾਪਤੀ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ | ਪਿ੍ੰਸੀਪਲ ਡਾ.ਰੇਖਾ ਸੂਦ ਹਾਂਡਾ ਨੇ ਉਮੀਦ ਪ੍ਰਗਟ ਕੀਤੀ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ |