ਅਬੋਹਰ, 10 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਸਿਹਤ ਵਿਭਾਗ ਵਲੋਂ ਡਾ.ਹੈਨੀਮਨ ਦੇ 271ਵੇਂ ਜਨਮ ਦਿਨ ਮੌਕੇ ਮੁਫ਼ਤ ਹੋਮਿਓਪੈਥਿਕ ਕੈਂਪ ਸ਼ਾਕਯ ਧਰਮਸ਼ਾਲਾ ਅਬੋਹਰ ਵਿਖੇ ਲਗਾਇਆ ਗਿਆ | ਸਿਵਲ ਹਸਪਤਾਲ ਦੇ ਹੋਮਿਓਪੈਥੀ ਵਿਭਾਗ ਅਤੇ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਨਵੀਂ ਆਬਾਦੀ ਵਲੋਂ ਸ਼ਾਕਯ ਮਹਾਂਸਭਾ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਕੈਂਪ ਦੀ ਸ਼ੁਰੂਆਤ ਐੱਸ.ਐਮ.ਓ ਡਾ.ਸੁਰੇਸ਼ ਕੰਬੋਜ ਅਤੇ ਪ੍ਰਧਾਨ ਸੁਭਾਸ਼ ਸ਼ਾਕਯ ਵਲੋਂ ਦੀਪ ਰੌਸ਼ਨ ਕਰ ਕੇ ਕੀਤੀ ਗਈ | ਡਾ.ਸੁਰੇਸ਼ ਕੰਬੋਜ ਨੇ ਦੱਸਿਆ ਕਿ ਹੋਮਿਓਪੈਥੀ ਬਹੁਤ ਪੁਰਾਣੀ ਅਤੇ ਪ੍ਰਭਾਵਸ਼ਾਲੀ ਮੈਡੀਸਨ ਪ੍ਰਣਾਲੀ ਹੈ ਅਤੇ ਲੋਕਾਂ ਦਾ ਰੁਝਾਨ ਇਸ ਵੱਲ ਬਣਿਆ ਹੋਇਆ ਹੈ | ਅੱਜ ਹੋਮਿਓਪੈਥੀ ਦੇ ਜਨਕ ਡਾਕਟਰ ਸੈਮੂਅਲ ਹੈਨੀਮਨ ਦੇ ਜਨਮ ਦਿਨ ਦੇ ਮੌਕੇ 'ਤੇ ਸਿਹਤ ਵਿਭਾਗ ਵਲੋਂ ਇਹ ਕੈਂਪ ਲੋਕਾਂ ਦੀ ਸਹੂਲਤ ਲਈ ਲਗਾਇਆ ਗਿਆ ਹੈ | ਉਕਤ ਕੈਂਪ ਦੌਰਾਨ ਡਾ.ਪ੍ਰਦੀਪ ਕੁਮਾਰ ਐੱਚ.ਐੱਮ.ਓ 'ਤੇ ਡਾ.ਮੁਕੇਸ਼ ਸਿੰਘ ਐੱਚ.ਐੱਮ.ਓ ਵਲੋਂ ਮਰੀਜ਼ ਦੀ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਹੋਮਿਓਪੈਥੀ ਵਿਚ ਲਗਭਗ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਮੌਜੂਦ ਹੈ | ਇਸ ਨਾਲ ਬੁਖ਼ਾਰ, ਸਾਹ ਦੀ ਬਿਮਾਰੀ, ਦਮਾ, ਸ਼ੂਗਰ, ਪਥਰੀ, ਗੁਪਤ ਰੋਗ, ਐਲਰਜੀ ਅਤੇ ਕ੍ਰੋਨਿਕ ਬਿਮਾਰੀਆਂ ਆਦਿ ਦਾ ਇਲਾਜ ਵੀ ਮੌਜੂਦ ਹੈ | ਹੋਮਿਓਪੈਥੀ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਤਾਕਤ ਨੂੰ ਵਧਾਉਂਦੀ ਹੈ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ | ਇਸ ਮੌਕੇ ਸੁਨੀਲ ਕੁਮਾਰ ਡਿਸਪੈਂਸਰ ਅਤੇ ਸੁਖਵਿੰਦਰ ਸਿੰਘ ਡਿਸਪੈਂਸਰ ਨੇ ਦੱਸਿਆ ਕਿ ਕੈਂਪ ਤੋਂ ਲਗਭਗ 165 ਲੋਕਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ | ਐੱਸ.ਬੀ.ਐਲ. ਕੰਪਨੀ ਵਲੋਂ ਵੀ ਦਵਾਈਆਂ ਉਪਲਬਧ ਕਰਵਾਈਆਂ ਗਈਆਂ | ਇਸ ਮੌਕੇ ਹੋਮਿਓਪੈਥਿਕ ਦਵਾਈਆਂ ਬਾਰੇ ਜਾਗਰੂਕ ਵੀ ਕੀਤਾ ਗਿਆ | ਇਸ ਮੌਕੇ ਸ਼ਾਕਯ ਮਹਾਂਸਭਾ ਵਲੋਂ ਐੱਸ.ਐਮ.ਓ ਡਾ.ਸੁਰੇਸ਼ ਕੰਬੋਜ ਅਤੇ ਮੈਡੀਕਲ ਟੀਮ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਰਿਸ਼ਪਾਲ ਸਿੰਘ, ਰਾਜਪਾਲ ਸਿੰਘ, ਐਨ.ਵੀ.ਬੀ.ਡੀ.ਸੀ ਪੀ ਬਰਾਂਚ ਵਲੋਂ ਟਹਿਲ ਸਿੰਘ, ਭਾਰਤ ਸੇਠੀ, ਪਰਮਜੀਤ ਸਿੰਘ, ਅਖਿਲ ਭਾਰਤੀ ਸ਼ਾਕਯ ਮਹਾਂਸਭਾ ਤੋਂ ਡਾ.ਰਘੁਬੀਰ ਸ਼ਾਕਯ, ਰਾਜੇਸ਼ ਕੁਮਾਰ ਸ਼ਾਕਯ, ਸੁਭਾਸ਼ ਕੁਮਾਰ ਸ਼ਾਕਯ, ਪ੍ਰਦੀਪ ਕੁਮਾਰ, ਹਰੀਸ਼ ਚੰਦਰ, ਜਸਪਾਲ ਸ਼ਾਕਯ, ਸਚਿਨ ਕੁਮਾਰ, ਆਸ਼ਾ ਵਰਕਰ ਅਤੇ ਲੋਕ ਹਾਜ਼ਰ ਸਨ |