ਅਬੋਹਰ, 10 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਬੱਲੂਆਣਾ ਹਲਕੇ ਦੇ ਪਿੰਡ ਬਿਸ਼ਨਪੁਰਾ ਵਾਸੀ ਵਿਅਕਤੀਆਂ ਨੂੰ ਅਬੋਹਰ ਸਬ ਡਿਵੀਜ਼ਨ ਦੀ ਅਦਾਲਤ ਨੇ ਕੁੱਟਮਾਰ ਦੇ ਇਕ ਮਾਮਲੇ ਵਿਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮਾਰਚ 2025 ਵਿਚ ਬੱਲੂਆਣਾ ਹਲਕੇ ਅਧੀਨ ਆਉਂਦੇ ਥਾਣਾ ਬਹਾਵਵਾਲਾ ਵਿਖੇ ਬਿਸ਼ਨਪੁਰਾ ਵਾਸੀ ਸਨੀ ਰਾਮ ਉਰਫ਼ ਦੂੱਨੀਆ, ਰਜਿੰਦਰ ਕੁਮਾਰ ਉਰਫ਼ ਬਾਬੂ, ਅਜੇ ਕੁਮਾਰ ਉਰਫ਼ ਸ਼ਿਵਾ ਅਤੇ ਰਾਜਸਥਾਨ ਦੇ ਵਾਸੀ ਸਾਬੂ ਉਰਫ਼ ਸੁਰਿੰਦਰ ਦੇ ਖ਼ਿਲਾਫ਼ ਮੁਕੱਦਮਾ ਨੰਬਰ 29 ਧਾਰਾ 115 (2), 118(1), 3(5) ਅਤੇ 238 ਬੀ.ਐਨ.ਐੱਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ | ਜਿਸ ਤਹਿਤ ਅਬੋਹਰ ਸਬ ਡਿਵੀਜ਼ਨ ਦੇ ਜੱਜ ਜਗਵਿੰਦਰ ਸਿੰਘ ਦੀ ਅਦਾਲਤ ਵਿਚ ਉਕਤ ਮਾਮਲੇ ਵਿਚ ਚਲਾਨ ਪੇਸ਼ ਕੀਤਾ ਗਿਆ | ਜਿਸ ਉਪਰੰਤ ਦੋਨਾਂ ਧਿਰਾਂ ਦੇ ਵਕੀਲਾਂ ਵਲੋਂ ਗਵਾਹ ਭੁਗਤਾਏ ਗਏ ਅਤੇ ਬਹਿਸ ਕੀਤੀ ਗਈ | ਜਿਸ ਤਹਿਤ ਜੱਜ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਸਬੂਤਾਂ ਦੀ ਘਾਟ ਕਾਰਨ ਉਕਤ ਮਾਮਲੇ ਵਿਚ ਨਾਮਜ਼ਦ ਚਾਰੇ ਕਥਿਤ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦਾ ਫ਼ੈਸਲਾ ਸੁਣਾਇਆ ਹੈ |