ਜਲਾਲਾਬਾਦ, 15 ਅਪ੍ਰੈਲ (ਜਤਿੰਦਰ ਪਾਲ ਸਿੰਘ, ਕਰਨ ਚੁਚਰਾ)- ਅਨਾਜ ਮੰਡੀ ਜਲਾਲਾਬਾਦ ਵਿਖੇ ਅੱਜ ਕਣਕ ਦੀ ਸਰਕਾਰੀ ਖ਼ਰੀਦ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਸ਼ੁਰੂ ਕਰਵਾਈ | ਵਿਧਾਇਕ ਗੋਲਡੀ ਵਲ਼ੋਂ ਮੁਖੀਜਾ ਟਰੇਡਿੰਗ ਕੰਪਨੀ ਤੋਂ ਕਣਕ ਦੀ ਪਹਿਲੀ ਢੇਰੀ ਸਰਕਾਰੀ ਖ਼ਰੀਦ ਏਜੰਸੀ ਪਨਸਪ ਰਾਹੀਂ ਖ਼ਰੀਦ ਕਰਵਾ ਕੇ ਸੀਜ਼ਨ ਦੀ ਸ਼ੁਰੂਆਤ ਕਰਵਾਈ ਗਈ¢ ਇਸ ਮੌਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਲਈ ਆਪਣੀ ਫ਼ਸਲ ਨੂੰ ਮੰਡੀ ਵਿਚ ਵੇਚਣ ਦਾ ਦਿਨ ਬਹੁਤ ਅਹਿਮ ਹੁੰਦਾ ਹੈ¢ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲ਼ੋਂ ਕਣਕ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ¢ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਆੜ੍ਹਤੀਆਂ ਨੂੰ ਬਾਰਦਾਣੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ¢ ਵਿਧਾਇਕ ਗੋਲਡੀ ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਸਮਿਆਂ ਵਿਚ ਚੁਣੀਦੇ ਆੜ੍ਹਤੀਆਂ ਨੂੰ ਹੀ ਤਰਜੀਹ ਮਿਲਦੀ ਸੀ ਪਰ ਪਿਛਲੇ ਚਾਰ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲ਼ੋਂ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਗਿਆ ਅਤੇ ਹਰ ਆੜ੍ਹਤੀ ਨੂੰ ਪਾਰਦਰਸ਼ੀ ਢੰਗ ਨਾਲ ਬਾਰਦਾਣਾ ਦਿੱਤਾ ਜਾ ਰਿਹਾ ਹੈ¢ ਇਸ ਮੌਕੇ ਐੱਸ.ਡੀ.ਐੱਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ, ਮਾਰਕੀਟ ਕਮੇਟੀ ਚੇਅਰਮੈਨ ਦੇਵਰਾਜ ਸ਼ਰਮਾ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਦਰਗਨ, ਮਾਰਕੀਟ ਕਮੇਟੀ ਸਕੱਤਰ ਅਤੇ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ¢