ਅਬੋਹਰ, 18 ਅਪ੍ਰੈਲ (ਵਿਵੇਕ ਹੂੜੀਆ)-ਸਥਾਨਕ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ ਵਿਗਿਆਨ ਵਿਸ਼ੇ ਦੇ ਅਧੀਨ 'ਤੇਜ਼ਾਬੀ, ਖ਼ਾਰੀ ਅਤੇ ਨਿਰਪੱਖ ਪਦਾਰਥ' ਵਿਸ਼ੇ 'ਤੇ ਰੋਚਕ ਅਤੇ ਗਿਆਨ ਭਰਪੂਰ ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ 'ਲਰਨਿੰਗ ਬਾਈ ਡੂਇੰਗ' ਦੇ ਸਿਧਾਂਤ ਨੂੰ ਅਪਣਾਉਂਦੇ ਹੋਏ ਕੁਦਰਤੀ ਸੰਕੇਤਕਾਂ ਦੀ ਮਦਦ ਨਾਲ ਤੇਜ਼ਾਬ ਅਤੇ ਖ਼ਾਰ ਦੀ ਪਛਾਣ ਕਰਨਾ ਸਿੱਖਿਆ | ਵਿਦਿਆਰਥੀਆਂ ਨੇ ਲਿਟਮਸ, ਗੁੜਹਲ, ਗੁਲਾਬ ਅਤੇ ਹਲਦੀ ਵਰਗੇ ਕੁਦਰਤੀ ਪਦਾਰਥਾਂ ਦੀ ਵਰਤੋਂ ਕਰਕੇ ਵੱਖ-ਵੱਖ ਘੋਲਾਂ ਦੀ ਜਾਂਚ ਕੀਤੀ | ਇਸ ਗਤੀਵਿਧੀ ਦਾ ਸਫਲ ਸੰਚਾਲਨ ਵਿਗਿਆਨ ਅਧਿਆਪਕਾ ਕੁਮਾਰੀ ਪਿ੍ਅੰਕਾ ਰਾਣੀ ਵਲੋਂ ਕੀਤਾ ਗਿਆ | ਉਨ੍ਹਾਂ ਨੇ ਸਰਲ ਅਤੇ ਦਿਲਚਸਪ ਤਰੀਕੇ ਨਾਲ ਵਿਦਿਆਰਥੀਆਂ ਨੂੰ ਪ੍ਰਯੋਗਾਂ ਦੀ ਪ੍ਰਕਿਰਿਆ ਸਮਝਾਈ ਅਤੇ ਉਨ੍ਹਾਂ ਨੂੰ ਖ਼ੁਦ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ | ਗਤੀਵਿਧੀ ਦੌਰਾਨ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਅਤੇ ਜਗਿਆਸਾ ਦੇਖਣ ਨੂੰ ਮਿਲੀ | ਬੱਚਿਆਂ ਨੇ ਪ੍ਰੈਕਟੀਕਲ ਰਾਹੀਂ ਸਮਝਿਆ ਕਿ ਕਿਸ ਤਰ੍ਹਾਂ ਵੱਖ-ਵੱਖ ਸੰਕੇਤਕ ਰੰਗ ਬਦਲ ਕੇ ਪਦਾਰਥਾਂ ਦੀ ਪ੍ਰਕਿਰਤੀ ਨੂੰ ਦਰਸਾਉਂਦੇ ਹਨ | ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰੱਖਦੀਆਂ, ਸਗੋਂ ਉਨ੍ਹਾਂ ਨੂੰ ਅਸਲ ਜੀਵਨ ਵਿਚ ਵਿਗਿਆਨ ਨੂੰ ਸਮਝਣ ਦਾ ਮੌਕਾ ਦਿੰਦੀਆਂ ਹਨ | ਸਕੂਲ ਦੇ ਪਿ੍ੰਸੀਪਲ ਸ੍ਰੀ ਰਵੀ ਕੁਮਾਰ ਨੇ ਦੱਸਿਆ ਕਿ ਪ੍ਰਯੋਗਾਤਮਿਕ ਸਿੱਖਿਆ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ ਅਤੇ ਸਿੱਖਣ ਦੀ ਰੁਚੀ ਵਧਦੀ ਹੈ, ਜੋ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ |