ਮੱਖੂ, 22 ਅਪ੍ਰੈਲ(ਕੁਲਵਿੰਦਰ ਸਿੰਘ ਸੰਧੂ, ਵਰਿੰਦਰ ਮਨਚੰਦਾ)-ਨੈਸ਼ਨਲ ਹਾਈਵੇ 54 ਮੱਖੂ-ਜਲੰਧਰ-ਮੋਗਾ ਕੈਂਚੀਆਂ ਵਾਲੀ ਸੜਕ ਤੋਂ ਲੈ ਕੇ ਬਿਜਲੀ ਘਰ ਤੱਕ ਸੜਕ ਵਿਚ ਵੱਡੇ ਵੱਡੇ ਖੱਡੇ ਪੈਣ ਕਾਰਨ ਮੌਤ ਦਾ ਘਰ ਬਣ ਚੁੱਕਾ ਹੈ ਅਤੇ ਅਕਸਰ ਇਸ ਜਗ੍ਹਾ 'ਤੇ ਆਏ ਦਿਨ ਕਿਸੇ ਨਾ ਕਿਸੇ ਵਾਹਨ ਚਾਲਕ,ਰਾਹਗੀਰ ਨੂੰ ਅਕਸਰ ਸੱਟਾਂ ਲੱਗਦੀਆਂ ਰਹਿੰਦੀਆਂ ਹਨ | ਹਰਜਿੰਦਰ ਕੌਰ ਉਮਰ 65 ਸਾਲ ਪਤਨੀ ਕਿੱਕਰ ਸਿੰਘ ਵਾਸੀ ਰਸੂਲਪੁਰ ਆਪਣੇ ਪਤੀ ਨਾਲ ਮੋਟਰਸਾਈਕਲ 'ਤੇ ਮੱਖੂ ਤੋਂ ਜ਼ੀਰਾ ਵੱਲ ਜਾ ਰਹੇ ਸਨ ਤਾਂ ਅੱਗੇ ਛੋਟੇ ਹਾਥੀ ਦੇ ਡਰਾਈਵਰ ਵੱਲੋਂ ਅਚਾਨਕ ਬਾਰੀ ਖੋਲ੍ਹਣ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਹਰਜਿੰਦਰ ਕੌਰ ਥੱਲੇ ਸੜਕ 'ਤੇ ਡਿਗ ਗਈ ਅਤੇ ਅੱਗੋਂ ਆ ਰਹੇ ਟਰੱਕ ਦੇ ਟਾਇਰ ਥੱਲੇ ਆਉਣ ਕਾਰਨ ਹਰਜਿੰਦਰ ਕੌਰ ਦੀ ਮੌਕੇ 'ਤੇ ਮੌਤ ਹੋ ਗਈ | ਰੇਲਵੇ ਲਾਈਨ 'ਤੇ ਓਵਰ ਬਿ੍ਜ ਬਣ ਰਿਹਾ ਹੈ ਆਵਾਜਾਈ ਲਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਟ੍ਰੈਫਿਕ ਦਾ ਮੰਦਾ ਹਾਲ ਹੋ ਗਿਆ ਹੈ | ਰਾਹਗੀਰਾਂ ਦਾ ਕਹਿਣਾ ਹੈ ਕਿ ਟੋਇਆਂ ਨੂੰ ਪੂਰਿਆ ਜਾਵੇ ਅਤੇ ਜ਼ਿਆਦਾ ਘੱਟਾ ਮਿੱਟੀ ਹੋਣ ਕਾਰਨ ਅਕਸਰ ਇਹ ਹਾਦਸੇ ਵਾਪਰਦੇ ਹਨ | ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਪ੍ਰਸ਼ਾਸਨ ਇਸ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਕੀਮਤੀ ਜਾਨਾਂ ਬਚ ਸਕਣ |