ਅਬੋਹਰ, 22 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਸਾਬਕਾ ਸਾਹਿਤਕਾਰਾਂ ਅਤੇ ਸਿੰਚਾਈ ਮੰਤਰੀ ਸੱਜਣ ਕੁਮਾਰ ਜਾਖੜ ਦੇ ਪੋਤੇ ਜੈਵੀਰ ਜਾਖੜ ਨੇ ਕਣਕ ਦ ਉਤਪਾਦਨ ਵਿਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ | ਜੈਵੀਰ ਦੇ ਪੜਦਾਦਾ ਚੌਧਰੀ ਬਲਰਾਮ ਜਾਖੜ ਨੇ ਐਫ.ਸੀ ਕਾਲਜ ਲਾਹੌਰ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਪਰਿਵਾਰਕ ਖੇਤੀ ਨੂੰ ਆਪਣਾ ਮੁੱਖ ਕਿੱਤਾ ਬਣਾਇਆ | ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਜੈਵੀਰ ਜਾਖੜ ਨੇ ਵੀ ਆਪਣੀ ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ ਪੂਰਾ ਸਮਾਂ ਖੇਤੀਬਾੜੀ ਉਤਪਾਦਨ ਨੂੰ ਸਮਰਪਿਤ ਕਰ ਦਿੱਤਾ ਹੈ | ਹਾਲ ਹੀ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦੀ ਪੀ.ਬੀ.ਡਬਲਯੂ 872 ਕਿਸਮ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਤੋਂ ਬਾਅਦ ਜੈਵੀਰ ਜਾਖੜ ਨੂੰ ਸਭ ਤੋਂ ਵਧੀਆ ਉਤਪਾਦਕ ਵਜੋਂ ਸਨਮਾਨਿਤ ਕੀਤਾ ਗਿਆ | ਜਾਣਕਾਰੀ ਅਨੁਸਾਰ ਜੈਵੀਰ ਜਾਖੜ ਜਿਨ੍ਹਾਂ ਨੂੰ ਪਿਛਲੇ 5 ਸਾਲਾਂ ਤੋਂ ਵੱਖ-ਵੱਖ ਫ਼ਸਲਾਂ ਵਿਚ ਆਪਣੀ ਗੁਣਵੱਤਾ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ | ਇਸ ਸਾਲ ਪੀ.ਬੀ.ਡਬਲਯੂ 826 ਕਿਸਮ 'ਤੇ ਪ੍ਰਤੀ ਏਕੜ 29 ਕੁਇੰਟਲ ਕਣਕ ਦਾ ਉਤਪਾਦਨ ਕਰਕੇ ਇਕ ਰਿਕਾਰਡ ਕਾਇਮ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਫਲਤਾ ਵਿਚ ਖੇਤੀਬਾੜੀ ਵਿਗਿਆਨੀਆਂ ਦੇ ਮਾਰਗਦਰਸ਼ਨ ਨੇ ਅਹਿਮ ਭੂਮਿਕਾ ਨਿਭਾਈ ਹੈ | ਉਹ ਵਿਸ਼ੇਸ਼ ਤੌਰ 'ਤੇ ਡਾ.ਜੇ.ਸੀ ਬਖ਼ਸ਼ੀ ਖੇਤਰੀ ਖੋਜ ਕੇਂਦਰ ਅਬੋਹਰ ਨੂੰ ਇਸ ਸਫਲਤਾ ਲਈ ਸਿਹਰਾ ਦਿੰਦੇ ਹਨ |