ਫ਼ਾਜ਼ਿਲਕਾ, 22 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੋਸ਼ਲ ਮੀਡੀਆ ਅਤੇ ਯੂ-ਟਿਊਬ 'ਤੇ ਰਾਏ ਸਿੱਖ ਬਰਾਦਰੀ ਵਿਰੁੱਧ ਗਾਏ ਗਏ ਇਕ ਅਪਮਾਨਜਨਕ ਗੀਤ ਨੂੰ ਲੈ ਕੇ ਸਮੁੱਚੀ ਬਰਾਦਰੀ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਰਾਏ ਸਿੱਖ ਆਜ਼ਾਦ ਸੈਨਾ ਦੇ ਪੰਜਾਬ ਪ੍ਰਧਾਨ ਬੂਟਾ ਸਿੰਘ ਵੜਵਾਲ ਦੀ ਅਗਵਾਈ ਵਿਚ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਐੱਸ.ਐੱਸ.ਪੀ. ਨੂੰ ਇੱਕ ਮੰਗ ਪੱਤਰ ਦਿੱਤਾ ਗਿਆ | ਪੰਜਾਬ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਉਕਤ ਗੀਤ ਵਿਚ ਰਾਏ ਸਿੱਖ ਬਰਾਦਰੀ ਲਈ ਬੇਹੱਦ ਭੱਦੇ, ਨਸਲਭੇਦੀ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਗੀਤ ਵਿਚ ਬਰਾਦਰੀ ਨੂੰ ਜਾਣਬੁੱਝ ਕੇ ਅਨਪੜ੍ਹ-ਗਵਾਰ, ਗ਼ੈਰ-ਕਾਨੂੰਨੀ ਧੰਦੇ ਕਰਨ ਵਾਲੇ, ਨਸ਼ਾ ਤਸਕਰ ਅਤੇ ਦਾਜ ਦਾ ਲਾਲਚੀ ਦਿਖਾ ਕੇ ਸਮਾਜ ਵਿਚ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਨਾਲ ਬਰਾਦਰੀ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ | ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੀਤ ਦੇ ਲੇਖਕ, ਗਾਇਕ, ਵੀਡੀਓ ਨਿਰਮਾਤਾ, ਨਿਰਦੇਸ਼ਕ ਅਤੇ ਸਬੰਧਿਤ ਕਲਾਕਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਸਮੁੱਚੀ ਬਰਾਦਰੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ | ਇਸ ਮੌਕੇ ਪੰਜਾਬ ਵਾਈਸ ਪ੍ਰਧਾਨ ਅਰੂੜ੍ਹ ਸਿੰਘ ਘੋਗਾ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰਵੀ, ਸਰਪੰਚ ਅਮਨਦੀਪ ਸਿੰਘ, ਮੰਗਤ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ, ਬਲਜੀਤ ਸਿੰਘ, ਕੁਲਵਿੰਦਰ ਸਿੰਘ ਚਾਨਣ ਵਾਲੀ, ਮਲਕੀਤ ਸਿੰਘ, ਗੁਰਦਾਸ ਸਿੰਘ, ਬਖ਼ਸ਼ੀਸ਼ ਕਚੂਰਾ, ਰੁਪਿੰਦਰ ਗਾਂਧੀ ਅਤੇ ਵੱਡੀ ਗਿਣਤੀ ਵਿਚ ਬਰਾਦਰੀ ਦੇ ਹੋਰ ਮੈਂਬਰ ਹਾਜ਼ਰ ਸਨ |