ਫ਼ਾਜ਼ਿਲਕਾ, 22 ਅਪ੍ਰੈਲ (ਅਮਰਜੀਤ ਸ਼ਰਮਾ)-ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦੇ ਇਕ ਉੱਚ ਪੱਧਰੀ ਵਫ਼ਦ ਵਲੋਂ ਦੇਸ਼ ਦੇ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ ਦੇ ਸਬੰਧ ਵਿਚ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦਾ 10 ਸੂਤਰੀ ਮੰਗ ਪੱਤਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂ ਸੌਂਪਿਆ ਗਿਆ | ਜ਼ਿਲ੍ਹਾ ਪ੍ਰਧਾਨ ਸਾਥੀ ਹਰਭਜਨ ਸਿੰਘ ਖੁੰਗਰ ਦੀ ਅਗਵਾਈ ਹੇਠ ਅੱਠ ਮੈਂਬਰੀ ਵਫ਼ਦ ਨੇ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਜੁਗਰਾਜ ਸਿੰਘ, ਐੱਸ.ਡੀ.ਐਮ.ਕਮ ਸਹਾਇਕ ਕਮਿਸ਼ਨਰ ਟੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨਾਲ ਮੁਲਾਕਾਤ ਕੀਤੀ | ਵਫ਼ਦ ਵਲੋਂ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਵਿਸਥਾਰਪੂਰਵਕ ਉਠਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਤੇ ਇੰਦਰ ਮੋਹਨ, ਜਥੇਬੰਦਕ ਸਕੱਤਰ ਹਰੀਸ਼ ਚੰਦਰ ਕੰਬੋਜ, ਵਿੱਤ ਸਕੱਤਰ ਰਾਜ ਕੰਵਰ ਦੀਵਾਨ, ਅਤੇ ਵਾਇਸ ਪ੍ਰਧਾਨ ਸਰਵਨ ਸਿੰਘ ਤੇ ਸੁਭਾਸ਼ ਚੰਦਰ ਸ਼ਰਮਾ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ | ਸਹਾਇਕ ਕਮਿਸ਼ਨਰ ਜੁਗਰਾਜ ਸਿੰਘ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਬਿਨਾਂ ਕਿਸੇ ਦੇਰੀ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਜਾਵੇਗਾ |