ਮੁੱਦਕੀ, 22 ਅਪ੍ਰੈਲ (ਅਗਰਵਾਲ)-ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਜਪਾ ਸਰਕਾਰ ਵਲੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਨਾਂਅ 'ਤੇ ਸਰਾਸਰ ਝੂਠ ਬੋਲ ਕੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਅਸਲੀਅਤ ਵਿਚ ਮੋਦੀ ਸਰਕਾਰ ਲੁਕਵੇਂ ਏਜੰਡਿਆਂ ਨਾਲ ਮਹਿਲਾਵਾਂ ਨੂੰ ਹੱਕ ਦੇਣ ਦੇ ਨਾਂਅ 'ਤੇ ਸਿਰਫ਼ ਰਾਜਨੀਤਿਕ ਡਰਾਮੇਬਾਜ਼ੀ ਕਰਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਮਹਿਲਾ ਵਿੰਗ ਦੇ ਪ੍ਰਧਾਨ ਸਰਬਜੀਤ ਕੌਰ ਬਰਾੜ ਐਮ.ਸੀ. ਮੁੱਦਕੀ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਹਿਲਾਵਾਂ ਨੂੰ ਬਣਦਾ ਹੱਕ ਦੇਣ ਵਿਚ ਕਾਂਗਰਸ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਹੈ, ਕਿਉਂਕਿ ਲੋਕਲ ਬਾਡੀ ਚੋਣਾਂ, ਪੰਚਾਇਤੀ ਚੋਣਾਂ ਵਿਚ ਮਹਿਲਾਵਾਂ ਨੂੰ ਰਾਖਵਾਂਕਰਨ ਕਾਂਗਰਸ ਪਾਰਟੀ ਦੀ ਹੀ ਦੇਣ ਹੈ | ਉਨ੍ਹਾਂ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਪਹਿਲਾਂ ਹੀ 2023 ਵਿਚ ਸੰਸਦ ਦੁਆਰਾ ਸਰਬਸੰਮਤੀ ਨਾਲ ਪਾਸ ਕੀਤਾ ਜਾ ਚੁੱਕਾ ਸੀ ਜਦਕਿ ਹੁਣ ਮੋਦੀ ਸਰਕਾਰ ਵਲੋਂ ਲਿਆਂਦਾ ਇਹ ਸੰਵਿਧਾਨਕ (131ਵਾਂ ਸੋਧ) ਬਿੱਲ ਹੈ, ਜੋ ਅਸਲ ਵਿਚ ਮਹਿਲਾ ਰਾਖਵੇਂਕਰਨ ਦੇ ਬਹਾਨੇ ਭਾਰਤ ਭਰ ਵਿਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿਚ ਸੀਮਾਬੰਦੀ ਕਰਨ ਅਤੇ ਸੀਟਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਸੀ | ਜੋ ਕਿ ਲੋਕ ਸਭਾ ਵਿਚ ਅਸਫਲ ਰਿਹਾ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸੱਚਮੁੱਚ ਹੱਕ ਦੇਣ ਲਈ ਸਾਫ਼ ਨੀਤੀ ਅਤੇ ਤੁਰੰਤ ਲਾਗੂ ਕਰਨ ਦੀ ਲੋੜ ਹੈ, ਨਾ ਕਿ ਸਿਰਫ਼ ਚੋਣਾਂ ਦੇ ਸਮੇਂ ਵਾਅਦੇ ਕਰਨ ਦੀ | ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਦੇ ਨਿਰਦੇਸ਼ਾਂ ਤਹਿਤ ਆਉਣ ਵਾਲੇ ਸਮੇਂ 'ਚ ਪ੍ਰੋਗਰਾਮ ਕਰਕੇ ਮੋਦੀ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕੀਤਾ ਜਾਵੇਗਾ |