ਫ਼ਿਰੋਜ਼ਪੁਰ,22 ਅਪ੍ਰੈਲ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਆਪਣੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ | ਵੱਖ-ਵੱਖ ਭਾਈਵਾਲਾਂ ਨਾਲ ਲਗਾਤਾਰ ਮੀਟਿੰਗਾਂ ਅਤੇ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਦਸੰਬਰ 2025 ਤੋਂ ਅਪ੍ਰੈਲ 2026 ਦਰਮਿਆਨ 477 ਵੈਗਨਾਂ ਵਿਚ ਆਲੂ ਦੀ ਰਿਕਾਰਡ ਲੋਡਿੰਗ ਕੀਤੀ ਗਈ | ਫ਼ਿਰੋਜ਼ਪੁਰ ਮੰਡਲ ਵਲੋਂ ਕਪੂਰਥਲਾ, ਹੁਸ਼ਿਆਰਪੁਰ, ਮਸਲੀਆਂ ਸ਼ਾਹਕੋਟ, ਬੁਟਾਰੀ, ਸੁਰਾਨੁੱਸੀ ਅਤੇ ਜਲੰਧਰ ਸਿਟੀ ਵਰਗੇ ਰੇਲਵੇ ਸਟੇਸ਼ਨਾਂ ਤੋਂ ਆਲੂ ਦੀ ਲੋਡਿੰਗ ਕੀਤੀ ਗਈ | ਇਹ ਸਪਲਾਈ ਹਾਸਨ (ਕਰਨਾਟਕ), ਆਜਰਾ ਤੇ ਜੋਰਹਾਟ (ਆਸਾਮ) ਅਤੇ ਜੀਰਾਣੀਆ (ਤਿ੍ਪੁਰਾ) ਵਰਗੇ ਦੂਰ-ਦੁਰਾਡੇ ਦੇ ਸਟੇਸ਼ਨਾਂ ਲਈ ਭੇਜੀ ਗਈ | ਕੁੱਲ 477 ਵੈਗਨਾਂ ਰਾਹੀਂ ਲਗਭਗ 27,174 ਮੀਟਰਿਕ ਟਨ ਆਲੂ ਦੀ ਢੋਆ-ਢੁਆਈ ਕੀਤੀ ਗਈ | ਇਸ ਪ੍ਰਾਪਤੀ ਨਾਲ ਰੇਲਵੇ ਮੰਡਲ ਨੂੰ ਲਗਭਗ 29.54 ਕਰੋੜ ਰੁਪਏ ਦੀ ਆਮਦਨ ਹੋਈ | ਕਿਸਾਨਾਂ ਅਤੇ ਵਪਾਰੀਆਂ ਦੀ ਸਹੂਲਤ ਲਈ 'ਫੁਟਕਰ ਵੈਗਨ' ਵਿਚ ਵੀ ਲੋਡਿੰਗ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਆਸਾਨੀ ਨਾਲ ਆਪਣਾ ਮਾਲ ਬੁੱਕ ਕਰ ਸਕਣ | ਫ਼ਿਰੋਜ਼ਪੁਰ ਮੰਡਲ ਦੇ ਮੋਗਾ, ਕਪੂਰਥਲਾ, ਜਲੰਧਰ, ਅੰਮਿ੍ਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਰਗੇ ਖੇਤਰਾਂ ਵਿਚ ਆਲੂ ਦੀ ਵੱਡੀ ਪੈਦਾਵਾਰ ਨੂੰ ਦੇਖਦੇ ਹੋਏ, ਉੱਥੋਂ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਵੀ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਹ ਸਫਲਤਾ ਫ਼ਿਰੋਜ਼ਪੁਰ ਮੰਡਲ ਦੀ ਕੁਸ਼ਲ ਕਾਰਜਸ਼ੈਲੀ ਅਤੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰ ਸਹੂਲਤਾਂ ਦਾ ਨਤੀਜਾ ਹੈ | ਮੰਡਲ ਵਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ |