ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਸੰਭਾਲ ਨੂੰ ਹੋਰ ਪੁਖ਼ਤਾ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ | ਸਿਵਲ ਸਰਜਨ ਫ਼ਾਜ਼ਿਲਕਾ ਡਾ.ਕਵਿਤਾ ਸਿੰਘ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਿੰਕੂ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਆਰ.ਬੀ.ਐੱਸ.ਕੇ.ਟੀਮਾਂ ਲਈ ਇਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ | ਇਸ ਦੌਰਾਨ ਮੋਬਾਈਲ ਹੈਲਥ ਟੀਮਾਂ ਨੂੰ 'ਹੈਂਡ ਹੈਲਡ ਆਟੋ ਰਿਫਰੈਕਟੋਮੀਟਰ' ਚਲਾਉਣ ਦੀ ਸਿਖਲਾਈ ਦਿੱਤੀ ਗਈ | ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਹੁਣ ਆਂਗਣਵਾੜੀ ਅਤੇ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਲਈ ਇਸ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਜਾਵੇਗਾ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਮੋਬਾਈਲ ਹੈਲਥ ਟੀਮਾਂ ਆਪਣੀ ਵਿਜ਼ਟ ਦੌਰਾਨ ਬੱਚਿਆਂ ਦੀ ਵਿਜ਼ਨ ਸਕਰੀਨਿੰਗ ਨੂੰ ਲਾਜ਼ਮੀ ਤੌਰ 'ਤੇ ਯਕੀਨੀ ਬਣਾਉਣ | ਟਰੇਨਿੰਗ ਦੌਰਾਨ ਅੱਖਾਂ ਦੇ ਮਾਹਿਰ ਡਾ.ਲਵਲੀ ਕਾਂਸਲ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਨਜ਼ਰ ਦੀ ਕਮੀ, ਮੋਤੀਆਬਿੰਦ, ਅੱਖਾਂ ਦੀ ਲਾਲੀ ਅਤੇ ਵਿਟਾਮਿਨ-ਏ ਦੀ ਕਮੀ ਦੀ ਜਲਦੀ ਪਛਾਣ ਕੀਤੀ ਜਾ ਸਕਦੀ ਹੈ | ਇਹ ਤਕਨੀਕ ਉਨ੍ਹਾਂ ਛੋਟੇ ਬੱਚਿਆਂ ਲਈ ਬਹੁਤ ਫ਼ਾਇਦੇਮੰਦ ਹੈ ਜੋ ਅਜੇ ਆਈ-ਚਾਰਟ ਪੜ੍ਹਨ ਦੇ ਯੋਗ ਨਹੀਂ ਹਨ | ਚੰਡੀਗੜ੍ਹ ਤੋਂ ਆਏ ਮਾਹਿਰ ਅਵਿਦੇਸ਼ ਕੁਮਾਰ ਨੇ ਮਸ਼ੀਨ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਘੱਟ ਸਮੇਂ ਵਿਚ ਵੱਧ ਬੱਚਿਆਂ ਦੀ ਸਹੀ ਜਾਂਚ ਸੰਭਵ ਹੈ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਬੀ.ਈ.ਈ. ਦਿਵੇਸ਼ ਕੁਮਾਰ, ਆਰ.ਬੀ.ਐੱਸ.ਕੇ. ਕੋਆਰਡੀਨੇਟਰ ਬਲਜੀਤ ਸਿੰਘ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਦੇਵ ਸਿੰਘ ਅਤੇ ਜ਼ਿਲ੍ਹੇ ਦੀਆਂ ਸਮੂਹ ਮੋਬਾਈਲ ਟੀਮਾਂ ਦਾ ਸਟਾਫ਼ ਹਾਜ਼ਰ ਸੀ |