ਫ਼ਾਜ਼ਿਲਕਾ, 25 ਅਪ੍ਰੈਲ (ਦਵਿੰਦਰ ਪਾਲ ਸਿੰਘ)-ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਵਿਖੇ ਵਿਦਿਆਰਥੀਆਂ ਵਿਚ ਵਿਗਿਆਨਕ ਦਿ੍ਸ਼ਟੀਕੋਣ ਪੈਦਾ ਕਰਨ ਦੇ ਉਦੇਸ਼ ਨਾਲ 'ਲੈਬ ਡੇਅ' ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੀ ਪਿ੍ੰਸੀਪਲ ਕਵਿਤਾ ਸਪੜਾ ਅਤੇ ਮੈਨੇਜਿੰਗ ਡਾਇਰੈਕਟਰ ਰਾਘਵ ਸਪੜਾ ਦੇ ਮਾਰਗਦਰਸ਼ਨ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਬਾਇਓਲੋਜੀ ਅਤੇ ਕੈਮਿਸਟਰੀ ਲੈਬ ਵਿਚ ਵਿਭਿੰਨ ਪ੍ਰਯੋਗਾਤਮਿਕ ਗਤੀਵਿਧੀਆਂ ਵਿਚ ਹਿੱਸਾ ਲਿਆ | ਬਾਇਓਲੋਜੀ ਲੈਬ ਵਿਚ ਵਿਦਿਆਰਥੀਆਂ ਨੇ ਮਾਈਕ੍ਰੋਸਕੋਪ ਰਾਹੀਂ ਸਲਾਈਡਾਂ ਦਾ ਨਿਰੀਖਣ ਕੀਤਾ ਅਤੇ ਪੌਦਿਆਂ 'ਤੇ ਸੈੱਲਾਂ ਦੀ ਬਣਤਰ ਨੂੰ ਨੇੜਿਓਾ ਸਮਝਿਆ | ਇਸੇ ਤਰ੍ਹਾਂ ਕੈਮਿਸਟਰੀ ਲੈਬ ਵਿਚ ਵਿਦਿਆਰਥੀਆਂ ਨੇ ਤੇਜ਼ਾਬ ਅਤੇ ਖ਼ਾਰ ਦੀ ਪਛਾਣ ਕਰਨੀ ਸਿੱਖੀ ਅਤੇ ਰਸਾਇਣਿਕ ਕਿਰਿਆਵਾਂ ਦਾ ਪ੍ਰਤੱਖ ਅਨੁਭਵ ਪ੍ਰਾਪਤ ਕੀਤਾ | ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ਦੇ ਉਪਕਰਨਾਂ ਦੀ ਸਹੀ ਵਰਤੋਂ ਅਤੇ ਸੁਰੱਖਿਆ ਨਿਯਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਕਵਿਤਾ ਸਪੜਾ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗਾਤਮਿਕ ਸਿੱਖਿਆ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੀ ਹੈ | ਐਮ.ਡੀ.ਰਾਘਵ ਸਪੜਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਗਿਆਨ ਸਾਡੇ ਰੋਜ਼ਾਨਾ ਜੀਵਨ ਦਾ ਅਹਿਮ ਹਿੱਸਾ ਹੈ ਅਤੇ ਅਜਿਹੇ ਆਯੋਜਨ ਬੱਚਿਆਂ ਵਿਚ ਨਵੀਂ ਖੋਜ ਕਰਨ ਦੀ ਜਿਗਿਆਸਾ ਪੈਦਾ ਕਰਦੇ ਹਨ | ਵਿਦਿਆਰਥੀਆਂ ਨੇ ਇਸ ਪੂਰੇ ਦਿਨ ਦਾ ਭਰਪੂਰ ਅਨੰਦ ਲਿਆ ਅਤੇ ਨਵੀਆਂ ਵਿਗਿਆਨਕ ਧਾਰਨਾਵਾਂ ਨੂੰ ਸਰਲ ਰੂਪ ਵਿਚ ਸਮਝਿਆ |