ਫ਼ਾਜ਼ਿਲਕਾ, 25 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ 'ਚ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਕਲਾਸ ਡੈਕੋਰੇਸ਼ਨ ਅਤੇ ਨੋਟ-ਬੁੱਕ ਕਵਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਸਕੂਲ ਦੇ ਚੇਅਰਮੈਨ ਅਨਿਲ ਕੁਮਾਰ ਜੈਨ ਅਤੇ ਪਿ੍ੰਸੀਪਲ ਨਰੇਸ਼ ਸਪੜਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਚੇਅਰਮੈਨ ਅਨਿਲ ਕੁਮਾਰ ਜੈਨ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੰਚ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਮੁਕਾਬਲੇ ਦੌਰਾਨ ਪਹਿਲੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਚਾਰਟਾਂ, ਮਾਡਲਾਂ ਅਤੇ ਵੱਖ-ਵੱਖ ਕਲਾਕਿ੍ਤੀਆਂ ਰਾਹੀਂ ਆਪਣੀਆਂ ਜਮਾਤਾਂ ਨੂੰ ਆਧੁਨਿਕ ਅਤੇ ਸਿੱਖਿਆਦਾਇਕ ਰੂਪ ਦਿੱਤਾ | ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਨਿਰਨਾਇਕ ਮੰਡਲ ਵੱਲੋਂ ਜਮਾਤਾਂ ਦੀ ਸਫ਼ਾਈ, ਸਜਾਵਟ ਅਤੇ ਰਚਨਾਤਮਿਕਤਾ ਦੇ ਆਧਾਰ 'ਤੇ ਮੁਲਾਂਕਣ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਨ੍ਹਾਂ ਗਤੀਵਿਧੀਆਂ ਦਾ ਮਨੋਰਥ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੀ ਸਮਗਰੀ ਨੂੰ ਸੰਭਾਲ ਕੇ ਅਤੇ ਸੁਵਿਵਸਥਿਤ ਰੱਖਣ ਦੀ ਆਦਤ ਪਾਉਣਾ ਹੈ | ਜਮਾਤਾਂ ਦੀ ਸਜਾਵਟ ਦੇ ਨਾਲ-ਨਾਲ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਨੋਟ-ਬੁੱਕ ਕਵਰ ਮੁਕਾਬਲਾ ਵੀ ਕਰਵਾਇਆ ਗਿਆ | ਬੱਚਿਆਂ ਨੇ ਹਸਤ-ਕਲਾ ਅਤੇ ਸਜਾਵਟੀ ਸਮਗਰੀ ਦੀ ਵਰਤੋਂ ਕਰਕੇ ਸਾਧਾਰਨ ਕਾਪੀਆਂ ਨੂੰ ਕਲਾ ਦੇ ਸੁੰਦਰ ਨਮੂਨਿਆਂ ਵਿਚ ਬਦਲ ਦਿੱਤਾ | ਪਿ੍ੰਸੀਪਲ ਨਰੇਸ਼ ਸਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਰਚਨਾਤਮਿਕ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਤਿ ਲੋੜੀਂਦੀਆਂ ਹਨ | ਪ੍ਰੋਗਰਾਮ ਦੇ ਅੰਤ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ |