ਅਬੋਹਰ, 2 ਮਈ (ਤੇਜਿੰਦਰ ਸਿੰਘ ਖ਼ਾਲਸਾ) ਸਥਾਨਕ ਕੰਧਵਾਲਾ ਰੋਡ ਸਥਿਤ ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਹਰ ਸਾਲ ਵਿਸਾਖੀ ਤੋਂ ਬਾਅਦ ਹੁੰਦੀ ਹੈ | ਜਿਸ ਤਹਿਤ ਇਸ ਵਾਰ ਵੀ ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਦੀ ਚੋਣ ਸਾਰੀਆਂ ਧਿਰਾਂ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ ਕੀਤੀ ਗਈ | ਇਸ ਦੌਰਾਨ ਇਲਾਕੇ ਦੀ ਸੰਗਤ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਮਿਲੀ ਜਾਣਕਾਰੀ ਅਨੁਸਾਰ ਸਮੁੱਚੀਆਂ ਧਿਰਾਂ ਨੇ ਤਿੰਨ ਮੈਂਬਰੀ ਪ੍ਰਧਾਨਗੀ ਕਮੇਟੀ ਦਾ ਗਠਨ ਕੀਤਾ ਜਿਸ ਵਿਚ ਕੁਲਦੀਪ ਸਿੰਘ ਸੰਧੂ, ਜਸਬੀਰ ਸਿੰਘ ਅਤੇ ਬਲਜੀਤ ਸਿੰਘ ਸੰਧੂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆਂ ਨੇ ਦੱਸਿਆ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੀਆਂ ਧਿਰਾਂ ਨੂੰ ਇੱਕਜੁੱਟ ਕਰਨ ਦੇ ਉਦੇਸ਼ ਨਾਲ ਹੀ ਤਿੰਨ ਮੈਂਬਰੀ ਪ੍ਰਧਾਨਗੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਜਿਸ ਤਹਿਤ ਜਲਦੀ ਹੀ 18 ਮੈਂਬਰੀ ਕਾਰਜਕਾਰਨੀ ਦਾ ਵੀ ਗਠਨ ਕਰ ਦਿੱਤਾ ਜਾਵੇਗਾ ਅਤੇ 21 ਮੈਂਬਰੀ ਕਮੇਟੀ ਗੁਰਦੁਆਰਾ ਸੰਗਤਸਰ ਦਾ ਸਮੁੱਚਾ ਪ੍ਰਬੰਧ ਇਕ ਸਾਲ ਲਈ ਸੁਚੱਜੇ ਢੰਗ ਨਾਲ ਚਲਾਏਗੀ |