ਫ਼ਾਜ਼ਿਲਕਾ, 2 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਵਿਖੇ 'ਮਜ਼ਦੂਰ ਦਿਵਸ' ਬਹੁਤ ਹੀ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਕੈਂਪਸ ਵਿਚ ਇਕ ਸ਼ਾਨਦਾਰ ਪ੍ਰੋਗਰਾਮ ਉਲੀਕਿਆ ਗਿਆ | ਜਿਸ ਦਾ ਮੁੱਖ ਉਦੇਸ਼ ਸਮਾਜ ਅਤੇ ਸੰਸਥਾ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਹਾਇਕ ਕਰਮਚਾਰੀਆਂ ਅਤੇ ਮਿਹਨਤਕਸ਼ਾਂ ਪ੍ਰਤੀ ਸ਼ਰਧਾ 'ਤੇ ਸਤਿਕਾਰ ਪ੍ਰਗਟ ਕਰਨਾ ਸੀ | ਸਮਾਗਮ ਦਾ ਆਗਾਜ਼ ਸਕੂਲ ਦੇ ਚੇਅਰਮੈਨ ਅਨਿਲ ਜੈਨ, ਪਿ੍ੰਸੀਪਲ ਨਰੇਸ਼ ਸਪੜਾ ਅਤੇ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਦੀ ਹਾਜ਼ਰੀ ਵਿਚ ਹੋਇਆ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਜਿਸ ਵਿਚ ਕਵਿਤਾਵਾਂ ਅਤੇ ਗੀਤਾਂ ਰਾਹੀਂ ਮਿਹਨਤ ਦੀ ਮਹੱਤਤਾ ਨੂੰ ਦਰਸਾਇਆ ਗਿਆ | ਵਿਦਿਆਰਥੀਆਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਹਰ ਉਹ ਵਿਅਕਤੀ ਜੋ ਆਪਣੀ ਮਿਹਨਤ ਨਾਲ ਸਮਾਜ ਦੀ ਸੇਵਾ ਕਰਦਾ ਹੈ, ਉਹ ਸਨਮਾਨ ਦਾ ਹੱਕਦਾਰ ਹੈ |ਚੇਅਰਮੈਨ ਅਨਿਲ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫਲਤਾ ਉਸ ਦੇ ਹਰ ਕਰਮਚਾਰੀ ਦੀ ਮਿਹਨਤ 'ਤੇ ਟਿਕੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਸਾਨੂੰ ਉਨ੍ਹਾਂ ਹੱਥਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ ਜੋ ਦੇਸ਼ ਦੇ ਨਿਰਮਾਣ ਦੀ ਨੀਂਹ ਰੱਖਦੇ ਹਨ | ਪਿ੍ੰਸੀਪਲ ਨਰੇਸ਼ ਸਪੜਾ ਨੇ ਸਹਾਇਕ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮਰਪਣ ਤੋਂ ਬਿਨਾਂ ਸਕੂਲ ਦਾ ਸੁਚਾਰੂ ਸੰਚਾਲਨ ਸੰਭਵ ਨਹੀਂ ਹੈ | ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਵੀ ਸਹਾਇਕ ਕਰਮਚਾਰੀਆਂ ਨੂੰ ਸਕੂਲ ਪਰਿਵਾਰ ਦਾ ਅਨਿੱਖੜਵਾਂ ਅੰਗ ਦੱਸਿਆ | ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਸਹਾਇਕ ਕਰਮਚਾਰੀਆਂ ਨੂੰ ਵਿਸ਼ੇਸ਼ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |