ਅਬੋਹਰ, 3 ਮਈ (ਸੁਖਜੀਤ ਸਿੰਘ ਬਰਾੜ)-ਅਬੋਹਰ ਇਲਾਕੇ 'ਚ ਲੱਖਾਂ ਦੀ ਤਾਦਾਦ ਵਿਚ ਘੁੰਮ ਰਹੇ ਜੰਗਲੀ ਸੂਰਾਂ ਤੋਂ ਕਿਸਾਨ, ਬਾਗ਼ਬਾਨ ਕਿਸਾਨ ਅਤੇ ਸਬਜ਼ੀ ਉਤਪਾਦਕ ਕਿਸਾਨ ਬੇਹੱਦ ਦੁਖੀ ਹਨ | ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਮੀਤ ਪ੍ਰਧਾਨ ਗੁਣਵੰਤ ਸਿੰਘ ਪੰਜਾਵਾ, ਸੂਬਾ ਬੁਲਾਰਾ ਅਤੇ ਨਾਮਵਰ ਕਿਸਾਨ ਅਜੈ ਵਧਵਾ ਨੇ ਦੱਸਿਆ ਕਿ ਉਪ ਮੰਡਲ ਅਬੋਹਰ ਦੇ ਪਿੰਡਾਂ 'ਚ ਲੱਖਾਂ ਦੀ ਗਿਣਤੀ ਵਿਚ ਜੰਗਲੀ ਸੂਰ ਘੁੰਮ ਰਹੇ ਹਨ | ਇਹ ਜੰਗਲੀ ਸੂਰ ਜਿੱਥੇ ਪਿੰਡਾਂ 'ਚ ਔਰਤਾਂ ਅਤੇ ਆਦਮੀਆਂ ਨੂੰ ਕਈ ਵਾਰ ਆਪਣੇ ਵਾਰ ਨਾਲ ਫੱਟੜ ਕਰਦੇ ਹਨ | ਉੱਥੇ ਹੀ ਸਬਜ਼ੀਆਂ, ਫ਼ਸਲਾਂ ਅਤੇ ਫਲਾਂ ਦੇ ਬੂਟਿਆਂ ਨੂੰ ਵੀ ਪੂਰਾ ਸਾਲ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਉਂਦੇ ਹਨ | ਉਨ੍ਹਾਂ ਦੱਸਿਆ ਕਿ ਅਬੋਹਰ ਇਲਾਕੇ ਵਿਚ ਜ਼ਿਆਦਾਤਰ ਕਿੰਨੂ, ਮਾਲਟੇ, ਡੇਜੀ ਅਤੇ ਅਮਰੂਦਾਂ ਦੇ ਬਾਗ਼ ਹਨ | ਇਨ੍ਹਾਂ ਜੰਗਲੀ ਸੂਰਾਂ ਨੇ ਬਾਗ਼ਾਂ ਨੂੰ ਆਪਣਾ ਰਹਿਣ ਬਸੇਰਾ ਬਣਾ ਰੱਖਿਆ ਹੈ | ਇਸ ਇਲਾਕੇ 'ਚ ਜੰਗਲੀ ਸੂਰਾਂ ਦੀ ਗਿਣਤੀ ਇਤਨੀ ਜ਼ਿਆਦਾ ਵਧ ਗਈ ਹੈ ਕਿ ਇਕੱਠਾ ਕਿਸਾਨ ਤਾਂ ਖੇਤ ਪਾਣੀ ਦੀ ਵਾਰੀ ਵੀ ਨਹੀਂ ਲਗਾਉਣ ਜਾ ਸਕਦਾ | ਪਿੰਡਾਂ ਤੋਂ ਦੂਰ ਪੈਂਦੇ ਖੇਤਾਂ 'ਚ ਤਾਂ ਇਕੱਲੇ ਕਿਸਾਨ ਜੰਗਲੀ ਸੂਰਾਂ ਦੇ ਭੈਅ ਕਾਰਨ ਖੇਤਾਂ 'ਚ ਕੰਮ ਵੀ ਨਹੀਂ ਕਰ ਸਕਦੇ | ਕਿਸਾਨ ਆਗੂਆਂ ਅਤੇ ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਬੋਹਰ ਇਲਾਕੇ 'ਚ ਲੱਖਾਂ ਦੀ ਗਿਣਤੀ 'ਚ ਘੁੰਮ ਰਹੇ ਜੰਗਲੀ ਸੂਰਾਂ 'ਤੇ ਠੱਲ੍ਹ ਪਾਉਣ ਲਈ ਤੁਰੰਤ ਹੱਲ ਕੀਤਾ ਜਾਵੇ |