ਫ਼ਾਜ਼ਿਲਕਾ, 3 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਨਵੀਂ ਅਨਾਜ ਮੰਡੀ ਵਿਚ ਲੋਡਿੰਗ ਲੇਬਰ ਯੂਨੀਅਨ ਦੀ ਇਕ ਮੀਟਿੰਗ ਹੋਈ | ਜਿਸ ਵਿਚ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਇਹ ਚੋਣ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਰਸ਼ਨ ਢਿੱਲੋਂ ਅਤੇ ਸ਼ੈਲਰ ਯੂਨੀਅਨ ਦੇ ਪ੍ਰਧਾਨ ਸਾਜਨ ਗੁਗਲਾਨੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਸੰਪੰਨ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਰਮਜੀਤ ਸਿੰਘ ਪੰਮਾ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਇਸ ਦੇ ਨਾਲ ਹੀ ਸੰਗਠਨ ਨੂੰ ਮਜ਼ਬੂਤੀ ਦੇਣ ਲਈ ਹੋਰ ਅਹੁਦੇਦਾਰਾਂ ਦੀ ਘੋਸ਼ਣਾ ਵੀ ਕੀਤੀ ਗਈ | ਜਿਸ ਵਿਚ ਬਲਵੀਰ ਸਿੰਘ ਬੀਰਾ ਅਤੇ ਗੁਰਮੀਤ ਸਿੰਘ ਛਿੰਦਰ ਨੂੰ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਲਕਸ਼ਮੀ ਨਰਾਇਣ ਨੂੰ ਸਕੱਤਰ ਚੁਣਿਆ ਗਿਆ ਹੈ | ਨਵ-ਨਿਯੁਕਤ ਪ੍ਰਧਾਨ ਪਰਮਜੀਤ ਸਿੰਘ ਪੰਮਾ ਅਤੇ ਉਨ੍ਹਾਂ ਦੀ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ | ਇਸ ਮੌਕੇ ਦਰਸ਼ਨ ਢਿੱਲੋਂ ਅਤੇ ਸਾਜਨ ਗੁਗਲਾਨੀ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ | ਇਸ ਮੌਕੇ ਸ਼ੈਲਰ ਵਰਕਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਜਨ ਗੁਗਲਾਨੀ ਨੇ ਕਿਹਾ ਕਿ ਮੰਡੀ ਵਿਚ ਸੈਂਕੜੇ ਮਜ਼ਦੂਰ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰਨ ਲਈ ਆਉਂਦੇ ਹਨ, ਪਰ ਅੱਜ ਤੱਕ ਕਿਸੇ ਨੇ ਵੀ ਇਨ੍ਹਾਂ ਦੇ ਹਿਤਾਂ ਦੀ ਗੱਲ ਨਹੀਂ ਕੀਤੀ | ਉਨ੍ਹਾਂ ਮੌਜੂਦਾ ਵਿਧਾਇਕ ਨੂੰ ਅਪੀਲ ਕੀਤੀ ਕਿ ਨਵੀਂ ਅਨਾਜ ਮੰਡੀ ਵਿਚ ਇਕ 'ਆਮ ਆਦਮੀ ਕਲੀਨਿਕ' ਖੋਲਿ੍ਹਆ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਹਾਦਸੇ ਦੀ ਸੂਰਤ ਵਿਚ ਮਜ਼ਦੂਰਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਮਿਲ ਸਕੇ |