ਫ਼ਾਜ਼ਿਲਕਾ, 4 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਜਲਾਲਾਬਾਦ ਹਲਕੇ ਦੇ ਲੋਕਾਂ ਲਈ ਇਕ ਵੱਡਾ ਤੋਹਫ਼ਾ ਦਿੰਦਿਆਂ 40 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਵਾਟਰ ਟਰੀਟਮੈਂਟ ਪਲਾਂਟ ਮਨਜ਼ੂਰ ਕਰ ਦਿੱਤਾ ਗਿਆ ਹੈ | ਇਹ ਇਤਿਹਾਸਕ ਪ੍ਰਾਜੈਕਟ ਇਲਾਕੇ ਵਿਚ ਸਾਫ਼ ਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਪੱਕਾ ਹੱਲ ਸਾਬਤ ਹੋਵੇਗਾ | ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪੈੱ੍ਰਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ ਗਈ | ਇਸ ਮੌਕੇ ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ ਟੈਂਡਰ ਹੋ ਗਿਆ ਹੈ ਤੇ ਇਹ 15 ਕੁ ਦਿਨਾਂ ਤੱਕ ਖੁੱਲ੍ਹ ਜਾਵੇਗਾ ਅਤੇ ਫਿਰ ਉਸ ਤੋਂ 1 ਮਹੀਨੇ ਦੇ ਅੰਤਰਾਲ ਵਿਚ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਇਸ ਵਾਟਰ ਟਰੀਟਮੈਂਟ ਪਲਾਟ ਲਗਾਉਣ ਲਈ ਜਗ੍ਹਾ ਦੀ ਖ਼ਰੀਦ ਕੀਤੀ ਗਈ ਜੋ ਕਿ ਲਗਭਗ 5 ਕਰੋੜ 40 ਲੱਖ ਨਾਲ ਖ਼ਰੀਦੀ ਗਈ ਅਤੇ ਹੁਣ ਇਸ ਪਲਾਂਟ ਲਈ 35 ਕਰੋੜ 42 ਲੱਖ ਹੋਰ ਪਾਸ ਕਰ ਦਿੱਤਾ ਗਿਆ ਹੈ ਅਤੇ ਕੁੱਲ ਇਸ ਪ੍ਰਾਜੈਕਟ ਲਈ 40 ਕਰੋੜ 82 ਲੱਖ ਰੁਪਏ ਖ਼ਰਚੇ ਜਾਣਗੇ | ਇਹ ਵਾਟਰ ਟਰੀਟਮੈਂਟ ਪਲਾਂਟ ਨਵੀਨਤਮ ਤਕਨੀਕ ਨਾਲ ਲੈਸ ਹੋਵੇਗਾ, ਜਿਸ ਨਾਲ ਪਾਣੀ ਵਿਚ ਮੌਜੂਦ ਹਾਨੀਕਾਰਕ ਤੱਤਾਂ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਜਾਵੇਗਾ | ਇਹ ਪ੍ਰੋਜੈਕਟ ਖ਼ਾਸ ਤੌਰ 'ਤੇ ਉਨ੍ਹਾਂ ਖੇਤਰਾਂ ਲਈ ਲਾਭਕਾਰੀ ਸਾਬਤ ਹੋਵੇਗਾ, ਜਿੱਥੇ ਪਾਣੀ ਦੀ ਗੁਣਵੱਤਾ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਪਾਣੀ ਦੇ ਸਟੋਰੇਜ, ਫਿਲਟਰੇਸ਼ਨ ਅਤੇ ਸਪਲਾਈ ਦੇ ਪੂਰੇ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਲਾਲਾਬਾਦ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਜੋ 223 ਪਿੰਡਾਂ ਨੂੰ ਸਾਫ਼ ਪਾਣੀ ਪੀਣ ਯੋਗ ਦੇਣ ਲਈ ਘੱਟਿਆਵਾਲੀ ਵਿਖੇ ਪ੍ਰਾਜੈਕਟ ਬਣਾਇਆ ਜਾ ਰਿਹਾ ਹੈ | ਉਹ ਵੀ ਲਗਭਗ 2 ਮਹੀਨੇ ਵਿਚ ਪੂਰਾ ਹੋ ਜਾਵੇਗਾ | ਇਸੇ ਤਰ੍ਹਾਂ ਅਰਨੀਵਾਲਾ ਵਾਟਰ ਵਰਕਸ ਪਲਾਟ ਵੀ ਉਸਾਰਿਆ ਗਿਆ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਜਿਨ੍ਹਾਂ ਸੂਬੇ ਦਾ ਵਿਕਾਸ ਹੋਇਆ ਹੈ, ਉਹ ਹੋਰ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਇਆ |