ਅਬੋਹਰ, 4 ਮਈ (ਤੇਜਿੰਦਰ ਸਿੰਘ ਖ਼ਾਲਸਾ)-ਲੋਕਤੰਤਰ ਸੈਨਾਨੀ ਸੰਘ ਅਤੇ ਸੇਵਾਮੁਕਤ ਨਗਰ ਕਰਮਚਾਰੀ ਭਲਾਈ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਅਸ਼ੋਕ ਕੁਮਾਰ ਵਾਟਸ ਨੇ ਡੀ.ਏ ਦੇ ਮੁੱਦੇ 'ਤੇ ਸਰਕਾਰ ਦੀ ਨਵੀਂ ਰਣਨੀਤੀ ਦੀ ਸਖ਼ਤ ਆਲੋਚਨਾ ਕੀਤੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਦੇਣ ਦੀ ਬਜਾਏ ਸਰਕਾਰ ਜਾਣਬੁੱਝ ਕੇ ਮਾਮਲੇ ਨੂੰ ਅਦਾਲਤਾਂ 'ਚ ਘਸੀਟ ਰਹੀ ਹੈ | ਵਾਟਸ ਨੇ ਕਿਹਾ ਕਿ ਅਦਾਲਤ ਪਹਿਲਾਂ ਹੀ ਕਰਮਚਾਰੀਆਂ ਦੇ ਹੱਕ 'ਚ ਫ਼ੈਸਲਾ ਸੁਣਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਡਬਲ ਬੈਂਚ 'ਚ ਕੇਸ ਨੂੰ ਚੁਣੌਤੀ ਦੇਣਾ ਉਸ ਦੇ ਇਰਾਦਿਆਂ 'ਤੇ ਸਵਾਲ ਖੜ੍ਹੇ ਕਰਦਾ ਹੈ | ਇਸ ਨੂੰ ਕਰਮਚਾਰੀਆਂ ਨਾਲ ਵਿਸ਼ਵਾਸਘਾਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਖ਼ਜ਼ਾਨਾ ਭਰਨ ਦੇ ਨਾਮ 'ਤੇ ਅਜਿਹੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਜੋ ਕਰਮਚਾਰੀਆਂ ਦੀ ਹਿਤ ਦੇ ਵਿਰੁੱਧ ਹਨ | ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਸਰਕਾਰ ਜਾਣਬੁੱਝ ਕੇ ਅਦਾਲਤ ਦੀਆਂ ਤਰੀਕਾਂ ਵਧਾ ਕੇ ਕਰਮਚਾਰੀਆਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਹਾਲਾਤਾਂ ਨਾਲ ਕਰਮਚਾਰੀਆਂ ਦਾ ਮਨੋਬਲ ਕਮਜ਼ੋਰ ਨਹੀਂ ਹੋਵੇਗਾ ਅਤੇ ਉਹ ਅਦਾਲਤ ਵਿਚ ਹਰ ਸਰਕਾਰੀ ਦਾਅਵੇ ਦਾ ਸਖ਼ਤੀ ਨਾਲ ਵਿਰੋਧ ਕਰਨਗੇ | ਵਾਟਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੇ ਹੱਕ ਨਹੀਂ ਦਿੱਤੇ ਗਏ ਤਾਂ ਉਹ ਆਪਣੇ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰਨਗੇ |