ਫ਼ਾਜ਼ਿਲਕਾ, 9 ਮਈ (ਅਮਰਜੀਤ ਸ਼ਰਮਾ)-ਟੈਗੋਰ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਭੁੱਨ ਵਿਖੇ ਪ੍ਰੀ-ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਵਲੋਂ 'ਮਾਂ ਦਿਵਸ' ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਮਾਂ ਦੀ ਮਹਿਮਾ ਨੂੰ ਬਹੁਤ ਹੀ ਸੁੰਦਰ ਅੰਦਾਜ਼ ਵਿਚ ਪੇਸ਼ ਕੀਤਾ ਗਿਆ, ਜਿਸ ਵਿਚ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਮਾਤਾਵਾਂ ਨੇ ਵੀ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਮਾਤਾਵਾਂ ਦੇ ਮਨੋਰੰਜਨ ਲਈ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ 'ਮੈਜੀਕਲ ਚੇਅਰ' ਅਤੇ 'ਬੈਲੂਨ ਬੈਲੇਂਸ' ਵਰਗੀਆਂ ਖੇਡਾਂ ਖਿੱਚ ਦਾ ਕੇਂਦਰ ਰਹੀਆਂ | ਜੇਤੂ ਰਹਿਣ ਵਾਲੀਆਂ ਮਾਤਾਵਾਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਬੱਚਿਆਂ ਨੇ ਮਾਂ ਦੇ ਸਤਿਕਾਰ ਵਿਚ ਕਵਿਤਾਵਾਂ ਸੁਣਾਈਆਂ ਅਤੇ ਰੰਗਾਰੰਗ ਗਿੱਧਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਮਾਪਿਆਂ ਦਾ ਆਗਿਆਕਾਰੀ ਬਣਨ ਅਤੇ ਜੀਵਨ ਵਿਚ ਮਾਂ ਦੀ ਅਹਿਮੀਅਤ ਬਾਰੇ ਪ੍ਰੇਰਿਤ ਕੀਤਾ ਗਿਆ | ਸਮਾਗਮ ਵਿਚ ਸਕੂਲ ਦੇ ਚੇਅਰਮੈਨ ਅਮੀਰ ਚੰਦ, ਪਿ੍ੰਸੀਪਲ ਸ੍ਰੀਮਤੀ ਕਵਿਤਾ ਬਾਂਸਲ ਅਤੇ ਸਮੂਹ ਸਟਾਫ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਰਿਹਾ | ਪ੍ਰੋਗਰਾਮ ਦੇ ਅਖੀਰ ਵਿਚ ਪਿ੍ੰਸੀਪਲ ਕਵਿਤਾ ਬਾਂਸਲ, ਚੇਅਰਪਰਸਨ ਸ੍ਰੀਮਤੀ ਪਰਵੀਨ ਰਾਣੀ ਅਤੇ ਮੰਜੂ ਬਾਲਾ ਵਲੋਂ ਕੇਕ ਕੱਟਿਆ ਗਿਆ ਅਤੇ ਮਾਪਿਆਂ ਤੇ ਬੱਚਿਆਂ ਵਿਚ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ | ਅੰਤ ਵਿਚ ਬੱਚਿਆਂ ਦੇ ਸੁਨਹਿਰੀ ਭਵਿੱਖ ਦੀਆਂ ਅਸੀਸਾਂ ਦਿੰਦੇ ਹੋਏ ਸਮਾਰੋਹ ਦੀ ਸਮਾਪਤੀ ਕੀਤੀ ਗਈ |