ਫ਼ਾਜ਼ਿਲਕਾ, 12 ਮਈ (ਦਵਿੰਦਰ ਪਾਲ ਸਿੰਘ)-ਉਪਮੰਡਲ ਦੇ ਪਿੰਡ ਘੱਲੂ ਸਥਿਤ ਗਾਡਵਿਨ ਪਬਲਿਕ ਸਕੂਲ ਵਿਚ 'ਮਦਰਜ਼ ਡੇਅ' ਦੇ ਸਬੰਧ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਅਤੇ ਭਾਵਨਾਤਮਕ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਨ ਲਈ ਸਮੂਹ ਗਾਣ, ਕਵਿਤਾ ਉਚਾਰਨ, ਭਾਸ਼ਣ ਅਤੇ ਕਾਰਡ ਮੇਕਿੰਗ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਬੱਚਿਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਮਾਂ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਨੂੰ ਭਾਵਪੂਰਤ ਸ਼ਬਦਾਂ ਵਿਚ ਪ੍ਰਗਟ ਕੀਤਾ | ਕਾਰਡ ਮੇਕਿੰਗ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਰੰਗਾਂ ਅਤੇ ਸਿਰਜਣਾਤਮਿਕਤਾ ਦੇ ਸੁਮੇਲ ਨਾਲ ਬਹੁਤ ਹੀ ਆਕਰਸ਼ਕ ਕਾਰਡ ਤਿਆਰ ਕੀਤੇ | ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਕੇਵਲ ਇੱਕ ਸ਼ਬਦ ਨਹੀਂ ਸਗੋਂ ਪਿਆਰ, ਤਿਆਗ ਅਤੇ ਮਮਤਾ ਦਾ ਸਭ ਤੋਂ ਵੱਡਾ ਰੂਪ ਹੈ | ਉਨ੍ਹਾਂ ਕਿਹਾ ਕਿ ਮਾਂ ਹੀ ਉਹ ਪਹਿਲੀ ਗੁਰੂ ਹੁੰਦੀ ਹੈ, ਜੋ ਜੀਵਨ ਦੇ ਮੂਲ ਸੰਸਕਾਰ ਅਤੇ ਇਨਸਾਨੀਅਤ ਦਾ ਪਾਠ ਸਿਖਾਉਂਦੀ ਹੈ | ਹਰ ਵਿਅਕਤੀ ਦਾ ਪਹਿਲਾ ਕਰਤੱਵ ਆਪਣੀ ਮਾਂ ਦਾ ਸਤਿਕਾਰ ਅਤੇ ਸੇਵਾ ਕਰਨਾ ਹੋਣਾ ਚਾਹੀਦਾ ਹੈ | ਇਸ ਮੌਕੇ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿਚ ਸਹਾਈ ਹੁੰਦੇ ਹਨ | ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਕੂਲ ਸਟਾਫ਼ ਵੀ ਹਾਜ਼ਰ ਸੀ |