ਅਬੋਹਰ, 13 ਮਈ (ਵਿਵੇਕ ਹੂੜੀਆ)-ਪਿੰਡ ਰਾਮਸਰਾ ਦੇ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੀ ਮਹਿਲਾ, ਉਸ ਦੇ ਪੋਤੇ ਅਤੇ ਈ-ਰਿਕਸ਼ਾ ਚਾਲਕ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ | ਹਸਪਤਾਲ ਵਿਚ ਸਵੇਰ ਤੋਂ ਹੀ ਗ਼ਮਗੀਨ ਮਾਹੌਲ ਬਣਿਆ ਰਿਹਾ ਅਤੇ ਮਿ੍ਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ | ਥਾਣਾ ਬਹਾਵਵਾਲਾ ਪੁਲਿਸ ਨੇ ਹਾਦਸੇ ਲਈ ਜ਼ਿੰਮੇਵਾਰ ਬੋਲੈਰੋ ਚਾਲਕ ਨੂੰ ਕਾਬੂ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਪਿੰਡ ਰਾਮਸਰਾ ਦੇ ਨਿਵਾਸੀ ਸੁਭਾਸ਼ ਨੇ ਦੱਸਿਆ ਕਿ ਉਸ ਦੀ ਮਾਂ ਦੇਵਕੀ ਅਤੇ 4 ਸਾਲਾ ਪੁੱਤਰ ਪਰਮੀਸ਼ ਦੀ ਹਾਦਸੇ ਵਿਚ ਮੌਤ ਹੋ ਗਈ ਹੈ, ਜਦਕਿ ਉਸ ਦੀ ਪਤਨੀ ਫ਼ਰੀਦਕੋਟ ਵਿਖੇ ਗੰਭੀਰ ਹਾਲਤ ਵਿਚ ਜੇਰੇ ਇਲਾਜ ਹੈ | ਸੁਭਾਸ਼ ਨੇ ਪ੍ਰਸ਼ਾਸਨ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ | ਦੂਜੇ ਪਾਸੇ ਮਿ੍ਤਕ ਈ-ਰਿਕਸ਼ਾ ਚਾਲਕ ਦੀਪਕ ਦੇ ਭਰਾ ਸੰਦੀਪ ਨੇ ਦੱਸਿਆ ਕਿ ਦੀਪਕ ਹੀ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ, ਜਿਸ ਦੇ ਜਾਣ ਨਾਲ ਉਸ ਦੇ ਬੁੱਢੇ ਮਾਪਿਆਂ ਅਤੇ ਤਿੰਨ ਛੋਟੀਆਂ ਬੇਟੀਆਂ ਦੇ ਸਿਰ 'ਤੋਂ ਸਾਇਆ ਉੱਠ ਗਿਆ ਹੈ | ਐੱਸ.ਪੀ. ਅਸਵੰਤ ਸਿੰਘ ਅਤੇ ਥਾਣਾ ਮੁਖੀ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਬੋਲੈਰੋ ਚਾਲਕ ਲਲਿਤ ਸ਼ਰਮਾ ਵਾਸੀ ਕੈਥਲ, ਹਰਿਆਣਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਨੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਦੱਸਣਯੋਗ ਹੈ ਕਿ ਤੇਜ਼ ਰਫ਼ਤਾਰ ਬੋਲੈਰੋ ਵਲੋਂ ਈ-ਰਿਕਸ਼ਾ ਨੂੰ ਟੱਕਰ ਮਾਰਨ ਦੀ ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋ ਗਈ ਸੀ |