ਫ਼ਾਜ਼ਿਲਕਾ, 13 ਮਈ (ਅਮਰਜੀਤ ਸ਼ਰਮਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹੰਮਦ ਅਮੀਰਾ ਦਾ ਦਬਦਬਾ ਇਸ ਸਾਲ ਵੀ ਬਰਕਰਾਰ ਰਿਹਾ ਹੈ | ਸਕੂਲ ਦੀ ਹੋਣਹਾਰ ਵਿਦਿਆਰਥਣ ਕਵਿਤਾ ਰਾਣੀ ਨੇ ਆਪਣੀ ਮਿਹਨਤ ਸਦਕਾ 500 ਵਿਚੋਂ 500 ਅੰਕ ਹਾਸਲ ਕਰਕੇ ਸਿਖਰਲੀ ਪੁਜ਼ੀਸ਼ਨ ਮੱਲੀ ਹੈ | ਇਸੇ ਤਰ੍ਹਾਂ ਮੋਨਿਕਾ ਰਾਣੀ ਸਪੁੱਤਰੀ ਲਖਵਿੰਦਰ ਸਿੰਘ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਸਕੂਲ ਦੇ ਅਧਿਆਪਨ ਪੱਧਰ ਨੇ ਵੀ ਰਾਜ ਪੱਧਰ 'ਤੇ ਆਪਣੀ ਛਾਪ ਛੱਡੀ ਹੈ | ਸਿੱਖਿਆ ਵਿਭਾਗ ਪੰਜਾਬ ਵਲੋਂ 'ਮਿਸ਼ਨ ਸਮਰੱਥ' ਅਧੀਨ ਜਾਰੀ ਕੀਤੇ ਗਏ ਵਿਸ਼ੇਸ਼ ਸੰਗ੍ਰਹਿ ਵਿਚ ਇਸ ਸਕੂਲ ਦੀ ਅਧਿਆਪਕਾ ਸ਼ੈਲ ਕੁਮਾਰੀ ਦੀਆਂ ਨਿਵੇਕਲੀਆਂ ਸਿੱਖਿਆ ਵਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਸਕੂਲ ਇੰਚਾਰਜ ਮਮਤਾ ਸਚਦੇਵਾ, ਅਧਿਆਪਕਾ ਸ਼ੈਲ ਕੁਮਾਰੀ ਅਤੇ ਰਾਧਿਕਾ ਅਰੋੜਾ ਦੀ ਅਗਵਾਈ ਹੇਠ ਸਕੂਲ ਦਾ ਨਤੀਜਾ ਲਗਾਤਾਰ ਸੌ ਫ਼ੀਸਦੀ ਰਹਿ ਰਿਹਾ ਹੈ | ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਰਪਿਤ ਅਧਿਆਪਕਾਂ ਸਦਕਾ ਹੀ ਅੱਜ ਸਰਕਾਰੀ ਸਕੂਲ ਬੁਲੰਦੀਆਂ ਨੂੰ ਛੂਹ ਰਹੇ ਹਨ |