ਅਬੋਹਰ, 14 ਮਈ (ਵਿਵੇਕ ਹੂੜੀਆ)-ਅਬੋਹਰ ਦੇ ਕੰਧਵਾਲਾ ਰੋਡ ਸਥਿਤ ਚੌਧਰੀ ਕਾਲੋਨੀ 'ਚ ਪਰਸੋਂ ਰਾਤ ਕੁੱਝ ਹਮਲਾਵਰਾਂ ਵਲੋਂ ਇੱਟਾਂ ਨਾਲ ਹਮਲਾ ਕਰਕੇ ਰਾਮ ਕੁਮਾਰ ਦੇ ਕਤਲ ਮਾਮਲੇ ਨੇ ਉਸ ਵੇਲੇ ਤੂਲ ਫੜ ਲਿਆ, ਜਦੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਪੋਸਟਮਾਰਟਮ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ | ਗ਼ੁੱਸੇ ਵਿਚ ਆਏ ਪਰਿਵਾਰ ਨੇ ਕੰਧਵਾਲਾ ਰੋਡ 'ਤੇ ਚੱਕਾ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਮਿ੍ਤਕ ਰਾਮ ਕੁਮਾਰ ਦੇ ਪੁੱਤਰ ਅਨਿਲ ਕੁਮਾਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਲਾਕੇ ਵਿਚ ਨਸ਼ੇੜੀਆਂ ਦੀ ਗੁੰਡਾਗਰਦੀ ਲਗਾਤਾਰ ਵਧ ਰਹੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਵਲੋਂ ਨਾਮਜ਼ਦ ਕੀਤੇ ਗਏ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਨੇ ਜਿਸ ਇਕ ਨੌਜਵਾਨ ਨੂੰ ਫੜਿਆ ਹੈ, ਉਹ ਥਾਣੇ ਵਿਚ ਬੈਠਾ ਮੋਬਾਈਲ 'ਤੇ ਸਟੇਟਸ ਪਾ ਰਿਹਾ ਹੈ | ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਅਸਲ ਕਾਤਲ ਸਲਾਖ਼ਾਂ ਪਿੱਛੇ ਨਹੀਂ ਭੇਜੇ ਜਾਂਦੇ, ਉਹ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਅੰਤਿਮ ਸਸਕਾਰ ਕਰਨਗੇ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਧੀਰ ਭਾਦੂ ਨੇ ਧਰਨੇ ਵਿਚ ਸ਼ਮੂਲੀਅਤ ਕੀਤੀ | ਉਨ੍ਹਾਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਅÏਖੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਹ ਪਰਿਵਾਰ ਸਮੇਤ ਵੱਡਾ ਸੰਘਰਸ਼ ਵਿੱਢਣਗੇ | ਜ਼ਿਕਰਯੋਗ ਹੈ ਕਿ ਪਰਸੋਂ ਰਾਤ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਰਾਮ ਕੁਮਾਰ ਪੁੱਤਰ ਭਿਖਾਰੀ ਲਾਲ ਦੀ ਹੱਤਿਆ ਕਰ ਦਿੱਤੀ ਸੀ | ਹਾਲਾਂਕਿ ਸਿਟੀ ਟੂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਭਰੋਸਾ ਦਿੱਤਾ ਹੈ, ਪਰ ਧਰਨਾਕਾਰੀ ਆਪਣੀ ਮੰਗ 'ਤੇ ਅੜੇ ਹੋਏ ਹਨ |