ਫ਼ਾਜ਼ਿਲਕਾ, 14 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ 16 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਨਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਝੋਕ ਡਿਪੂਲਾਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਪਰਮਜੀਤ ਸਿੰਘ ਉਰਫ਼ ਬੌਬੀ, ਜਿਸ ਦੀ ਉਮਰ ਕਰੀਬ 16 ਸਾਲ ਹੈ, ਅਜੈ ਸਿੰਘ ਅਤੇ ਵਿਕਰਮ ਸਿੰਘ ਨਾਲ ਰਾਤ ਕਰੀਬ 9 ਵਜੇ ਮੋਟਰਸਾਈਕਲ 'ਤੇ ਘਰ ਆਇਆ ਸੀ | ਉਸ ਤੋਂ ਬਾਅਦ ਪਰਮਜੀਤ ਸਿੰਘ ਰਾਤ ਦੇਰ ਤੱਕ ਘਰ ਨਹੀਂ ਆਇਆ | ਜਿਸ 'ਤੇ ਪਰਿਵਾਰ ਨੇ ਉਸ ਦੀ ਭਾਲ ਕਰੀਬ ਰਾਤ 2 ਵਜੇ ਤੱਕ ਕੀਤੀ ਅਤੇ ਅਜੈ ਸਿੰਘ ਦੇ ਘਰ ਜਾ ਕੇ ਪੁੱਛ ਪੜਤਾਲ ਕੀਤੀ ਤਾਂ ਅਜੈ ਸਿੰਘ ਨੇ ਦੱਸਿਆ ਕਿ ਰਾਤ ਪਰਮਜੀਤ ਕਰੀਬ 9 ਵਜੇ ਉਸ ਨੂੰ ਘਰ ਛੱਡ ਗਿਆ ਸੀ, ਉਸ ਤੋਂ ਬਾਅਦ ਨਹੀਂ ਪਤਾ | ਮੈਂਬਰ ਸਤਨਾਮ ਸਿੰਘ ਨੇ ਸਵੇਰੇ 6 ਵਜੇ ਉਸ ਦੇ ਘਰ ਜਾ ਦੱਸਿਆ ਕਿ ਉਨ੍ਹਾਂ ਦਾ ਲੜਕਾ ਸੜਕ ਕਿਨਾਰੇ ਪਿਆ ਹੈ | ਜਿਸ ਦੀ ਮੌਤ ਹੋ ਚੁੱਕੀ ਹੈ | ਇਸ ਮਾਮਲੇ 'ਚ ਪੁਲਿਸ ਨੇ ਪਾਲੋ ਬਾਈ ਪਤਨੀ ਜੋਗਿੰਦਰ ਸਿੰਘ, ਅਜੈ ਸਿੰਘ, ਵਿਕਰਮ ਸਿੰਘ ਉਰਫ਼ ਵਿੱਕੀ ਅਤੇ ਗਗਨਦੀਪ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਿੰਡ ਝੋਕ ਡਿਪੂਲਾਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |