ਬੱਲੂਆਣਾ, 14 ਮਈ (ਜਸਮੇਲ ਸਿੰਘ ਢਿੱਲੋਂ)-ਸਕੂਲ ਆਫ਼ ਐਮੀਨੈਂਸ ਰਾਮਸਰਾ ਨੇ ਇਕ ਵਾਰ ਫਿਰ ਅਕਾਦਮਿਕ ਖੇਤਰ ਵਿਚ ਆਪਣੀ ਸਰਦਾਰੀ ਕਾਇਮ ਰੱਖਦਿਆਂ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਵਾਰ ਸਕੂਲ ਦੇ ਸਾਇੰਸ, ਕਾਮਰਸ ਅਤੇ ਹਿਊਮੈਨਿਟੀਜ਼ ਗਰੁੱਪ ਦੇ ਕੁੱਲ 167 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਸਕੂਲ ਦੀ ਹੋਣਹਾਰ ਵਿਦਿਆਰਥਣ ਖੁਸ਼ਦੀਪ ਕੌਰ ਨੇ ਕੁੱਲ 500 ਅੰਕਾਂ ਵਿਚੋਂ 481 ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੀ ਪਿ੍ੰਸੀਪਲ ਮੈਡਮ ਨਵਜੋਤ ਕੌਰ ਖਹਿਰਾ ਨੇ ਸਵੇਰ ਦੀ ਸਭਾ ਦੌਰਾਨ ਨਤੀਜੇ ਦਾ ਐਲਾਨ ਕਰਦਿਆਂ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀ ਸਿਰਫ਼ ਇਕ ਜਾਂ ਦੋ ਅੰਕਾਂ ਦੇ ਫ਼ਰਕ ਨਾਲ ਬੋਰਡ ਦੀ ਮੈਰਿਟ ਸੂਚੀ ਵਿਚ ਆਉਣ ਤੋਂ ਰਹਿ ਗਏ ਹਨ | ਖੁਸ਼ਦੀਪ ਕੌਰ ਦੇ ਕਲਾਸ ਇੰਚਾਰਜ ਸ੍ਰੀਮਤੀ ਸੁਮਿੰਦਰ ਕੌਰ ਅੰਗਰੇਜ਼ੀ ਲੈਕਚਰਾਰ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਖਹਿਰਾ ਨੇ ਐਲਾਨ ਕੀਤਾ ਕਿ ਆਉਣ ਵਾਲੇ ਇਕ-ਦੋ ਦਿਨਾਂ ਵਿਚ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰਵਾ ਕੇ ਇਨ੍ਹਾਂ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਮੂਹ ਲੈਕਚਰਾਰ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ |