ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਫ਼ਾਜ਼ਿਲਕਾ ਵਿਚ ਆਮ ਆਦਮੀ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਦੇ ਗੜ੍ਹ ਵਿਚ ਲਗਾਤਾਰ ਸੰਨ੍ਹ ਲਗਾਈ ਜਾ ਰਹੀ ਹੈ | ਇਸੇ ਕੜੀ ਤਹਿਤ ਵਾਰਡ ਨੰਬਰ 23 ਤੋਂ ਪਿਛਲੀ ਵਾਰ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਪ੍ਰਮੁੱਖ ਆਗੂ ਦੀਪਕ ਖੁੰਗਰ ਦਾ ਪਰਿਵਾਰ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਪ੍ਰੇਰਨਾ ਸਦਕਾ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ | ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਨਜ਼ਦੀਕੀ ਮੁਕਾਬਲੇ ਵਿਚ ਭਾਜਪਾ ਉਮੀਦਵਾਰ ਦੀਪਕ ਖੁੰਗਰ ਦੀ ਪਤਨੀ ਨੇ ਵਾਰਡ ਵਿਚੋਂ ਬਹੁਤ ਵਧੀਆ ਵੋਟਾਂ ਹਾਸਲ ਕੀਤੀਆਂ ਸਨ | ਇਸ ਵਾਰ ਜਿੱਥੇ ਪਹਿਲਾਂ ਹੀ ਵਾਰਡ ਨੰਬਰ 23 ਤੋਂ ਸਾਬਕਾ ਭਾਜਪਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ ਨੇ ਕਮਲ ਦਾ ਸਾਥ ਛੱਡ ਕੇ 'ਆਪ' ਦਾ ਪੱਲਾ ਫੜਿਆ ਸੀ, ਉੱਥੇ ਹੀ ਹੁਣ ਦੀਪਕ ਖੁੰਗਰ ਦੇ ਪਰਿਵਾਰ ਦੇ ਆਉਣ ਨਾਲ ਭਾਜਪਾ ਨੂੰ ਇਸ ਵਾਰਡ ਵਿਚ ਬਹੁਤ ਵੱਡਾ ਸਿਆਸੀ ਝਟਕਾ ਲੱਗਾ ਹੈ | ਵਿਧਾਇਕ ਸਵਨਾ ਨੇ ਖੁੰਗਰ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਜੀ ਆਇਆਂ ਨੂੰ ਕਿਹਾ ਅਤੇ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ | ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਉਪਰੰਤ ਦੀਪਕ ਖੁੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਆਪਣੇ ਅਸਲ ਰਾਹ ਅਤੇ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ | ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀ ਅਸਲ ਆਵਾਜ਼ ਬਣੀ ਆਮ ਆਦਮੀ ਪਾਰਟੀ ਬਿਨਾਂ ਕਿਸੇ ਫ਼ਿਰਕੂ ਜਾਂ ਧਾਰਮਿਕ ਵਿਤਕਰੇ ਦੇ ਹਰ ਵਰਗ ਅਤੇ ਹਰ ਇਲਾਕੇ ਦਾ ਬਿਨਾਂ ਕਿਸੇ ਪੱਖਪਾਤ ਦੇ ਸਰਵਪੱਖੀ ਵਿਕਾਸ ਕਰਵਾ ਰਹੀ ਹੈ | ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰ ਵਾਰਡ ਨੰਬਰ 23 ਦੀ ਨੁਮਾਇੰਦਗੀ ਕਰਨ ਲਈ 'ਆਪ' ਵਲੋਂ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਅਨਿਲ ਸੇਠੀ ਨੂੰ ਜਿਤਾਉਣ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਸਮਰਥਕ ਦਿਨ-ਰਾਤ ਇਕ ਕਰ ਦੇਣਗੇ | ਅਨਿਲ ਸੇਠੀ ਨੇ ਪਹਿਲਾਂ ਵੀ ਪ੍ਰਧਾਨ ਰਹਿੰਦਿਆਂ ਸ਼ਹਿਰ ਦਾ ਸ਼ਾਨਦਾਰ ਵਿਕਾਸ ਕਰਵਾਇਆ ਸੀ ਅਤੇ ਇਸ ਵਾਰ ਵੀ ਵਾਰਡ ਨੂੰ ਵਿਕਾਸ ਪੱਖੋਂ ਨੰਬਰ ਇਕ ਬਣਾਇਆ ਜਾਵੇਗਾ | ਇਸ ਵਿਸ਼ੇਸ਼ ਮੌਕੇ 'ਤੇ ਵਾਰਡ 23 ਤੋਂ 'ਆਪ' ਉਮੀਦਵਾਰ ਅਨਿਲ ਸੇਠੀ ਵੀ ਖ਼ੁਦ ਮੌਜੂਦ ਸਨ |