ਬੰਗਾ, 21 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਵੇਕ ਵਿਕਾਸ ਲਹਿਰ ਪੰਜਾਬ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਗਿਆਨ ਵੰਡਣ ਦੀ ਮੁਹਿੰਮ ਤਹਿਤ ਮੁਫ਼ਤ ਪੁਸਤਕਾਂ ਭੇਟ ਕਰਨ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਬੰਗਾ ਵਿਖੇ ਗੁਰਦੇਵ ਸਿੰਘ ਮਾਨ ਅਤੇ ਅੰਮਿ੍ਤ ਕੌਰ ਮਾਨ ਮੁਫ਼ਤ ਟਿਊਸ਼ਨ ਸੈਂਟਰ ਵਿਖੇ ਇਕ ਸੰਖੇਪ ਸਮਾਗਮ ਕਰਵਾਇਆ | ਜਿਸ ਦੌਰਾਨ ਇੰਜੀ. ਜਸਵੀਰ ਸਿੰਘ ਮੋਰੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਣ ਅਤੇ ਜਾਨਣ ਦਾ ਸਿਲਸਿਲਾ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ | ਚੰਗੀਆਂ ਕਿਤਾਬਾਂ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਸਹੀ ਦਿ੍ਸ਼ਟੀਕੋਣ ਬਣਾਉਣ ਵਿਚ ਸਹਾਈ ਹੁੰਦੀਆਂ ਹਨ | ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਪੜ੍ਹ ਕੇ ਉਨ੍ਹਾਂ ਤੋਂ ਪ੍ਰੇਰਨਾ ਮਿਲਦੀ ਹੈ | ਮੁਸ਼ਕਿਲਾਂ ਭਰੇ ਸਮੇਂ ਵਿਚ ਵੀ ਵਿਅਕਤੀ ਹੌਸਲਾ ਬਣਾਈ ਰੱਖਦਾ ਹੈ | ਮੋਹਣ ਬੀਕਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੁਰੇਸ਼ ਚੌਹਾਨ ਸੇਵਾ ਮੁਕਤੀ ਤੋਂ ਬਾਅਦ ਲਗਾਤਾਰ ਮੁਫ਼ਤ ਟਿਊਸ਼ਨ ਦੀ ਸੇਵਾ ਨਿਭਾ ਰਹੇ ਹਨ | ਇਸ ਸੈਂਟਰ ਤੋਂ ਇਲਾਵਾ, ਹੋਰ ਪਿੰਡਾਂ 'ਚ ਵੀ ਬੱਚਿਆਂ ਨੂੰ ਮੁਫ਼ਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ | ਇਸ ਸੈਂਟਰ ਦੇ ਮੁੱਖ ਪ੍ਰਬੰਧਕ ਸੁਰੇਸ਼ ਚੌਹਾਨ ਨੇ ਵਿਵੇਕ ਵਿਕਾਸ ਲਹਿਰ ਬੰਗਾ ਵਲੋਂ ਸ਼ੁਰੂ ਕੀਤੀ ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਤੇ ਸਭਨਾਂ ਦਾ ਧੰਨਵਾਦ ਕੀਤਾ |