ਬਲਾਚੌਰ, 21 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ-ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਨੇ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਸਿਹਤ ਸੁਰੱਖਿਆ ਲਈ ਚਲਾਏ ਜਾ ਰਹੇ 'ਮਮਤਾ ਦਿਵਸ' ਪ੍ਰੋਗਰਾਮ ਤਹਿਤ ਸਬ-ਸੈਂਟਰ ਜੋਗੇਵਾਲ ਤੇ ਸਿੰਬਲ ਮਜਾਰਾ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ | ਇਸ ਮੌਕੇ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਛੋਟੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਡਾ. ਸਤਿੰਦਰਜੀਤ ਕੌਰ ਨੇ ਸਿਹਤ ਕਰਮਚਾਰੀਆਂ ਨਾਲ ਮੀਟਿੰਗ ਕਰਦੇ ਹੋਏ ਮਾਵਾਂ ਤੇ ਬੱਚਿਆਂ ਦੀ ਸਿਹਤ ਸੰਭਾਲ ਸੰਬੰਧੀ ਸਰਕਾਰੀ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ 'ਮਮਤਾ ਦਿਵਸ' ਦਾ ਮੁੱਖ ਉਦੇਸ਼ ਗਰਭਵਤੀ ਮਹਿਲਾਵਾਂ ਅਤੇ ਨਵ-ਜੰਮੇ ਬੱਚਿਆਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਮਾਵਾਂ ਤੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਂਦੀ ਜਾ ਸਕੇ | ਉਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖ਼ੁਰਾਕ, ਨਿਯਮਿਤ ਸਿਹਤ ਜਾਂਚ, ਆਇਰਨ ਅਤੇ ਕੈਲਸ਼ੀਅਮ ਗੋਲੀਆਂ ਦੀ ਵਰਤੋਂ ਅਤੇ ਸਮੇਂ ਸਿਰ ਟੀਕਾਕਰਨ ਕਰਵਾਉਣ ਬਾਰੇ ਜਾਗਰੂਕ ਕੀਤਾ | ਇਸ ਤੋਂ ਇਲਾਵਾ ਮਾਵਾਂ ਨੂੰ ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ, ਬੱਚੇ ਦੀ ਸਫ਼ਾਈ ਤੇ ਪੋਸ਼ਣ ਸੰਬੰਧੀ ਅਹਿਮ ਜਾਣਕਾਰੀ ਵੀ ਦਿੱਤੀ ਗਈ | ਉਨ੍ਹਾਂ ਸਿਹਤ ਸਟਾਫ਼ ਨੂੰ ਹਦਾਇਤ ਕੀਤੀ ਕਿ ਹਰ ਯੋਗ ਲਾਭਪਾਤਰੀ ਤੱਕ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਅਤੇ ਗਰਭਵਤੀ ਮਹਿਲਾਵਾਂ ਦੀ ਸਮੇਂ-ਸਮੇਂ 'ਤੇ ਟ੍ਰੈਕਿੰਗ ਕੀਤੀ ਜਾਵੇ | ਉਨ੍ਹਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਗਰਭਵਤੀ ਮਹਿਲਾਵਾਂ ਆਪਣੀਆਂ ਨਿਯਮਿਤ ਜਾਂਚਾਂ ਤੇ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਬੱਚਿਆਂ ਦੀ ਸਿਹਤ ਸੰਭਾਲ ਵਿਚ ਕੋਈ ਲਾਪ੍ਰਵਾਹੀ ਨਾ ਵਰਤਣ | ਇਸ ਮੌਕੇ ਡਾ. ਮਨਦੀਪ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਨਿਰਮਲ ਸਿੰਘ, ਗੁਰਨੇਕ ਸਿੰਘ, ਗੁਰਮੁਖ ਸਿੰਘ ਤੇ ਗੁਰਵਿੰਦਰ ਕੌਰ ਸਮੇਤ ਹੋਰ ਵੀ ਹਾਜ਼ਰ ਸਨ |