ਬੰਗਾ, 21 ਮਈ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਮਨੁੱਖਤਾ ਦੀ ਸੇਵਾ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਵਿਸ਼ਵ ਪੱਧਰੀ ਗ੍ਰਾਂਟ ਰਾਹੀਂ ਪ੍ਰਾਪਤ ਪੰਜ ਹੱਥ ਧੋਣ ਵਾਲੇ ਹੈਂਡ ਵਾਸ਼ ਸਟੇਸ਼ਨ ਤੇ ਹੱਥ ਧੋਣ ਲਈ ਸਾਬਣ ਦੀਆਂ ਪੰਦਰਾਂ ਪੇਟੀਆਂ, ਜਿਸ ਦੀ ਕੁੱਲ ਕੀਮਤ ਲਗਪਗ ਇਕ ਲੱਖ ਪੰਜਾਹ ਹਜ਼ਾਰ ਰੁਪਏ ਬਣਦੀ ਹੈ, ਨੂੰ ਵੱਖ-ਵੱਖ ਸਕੂਲਾਂ ਵਿਚ ਲੋਕ ਭਲਾਈ ਲਈ ਸਮਰਪਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਚੌਥਾ ਹੱਥ ਧੋਣ ਵਾਲਾ ਸਟੇਸ਼ਨ ਪਿੰਡ ਸੱਲ੍ਹ ਕਲਾਂ ਦੇ ਪ੍ਰਾਇਮਰੀ ਸਕੂਲ ਵਿਚ ਸਥਾਪਤ ਕੀਤਾ, ਜਿਸ ਦਾ ਸ਼ੁਭ ਉਦਘਾਟਨ ਬਲਦੇਵ ਸਿੰਘ ਧੁਨੇ ਨੇ ਕੀਤਾ | ਉਨ੍ਹਾਂ ਕਿਹਾ ਕਿ ਸਫਾਈ ਤੇ ਸਿਹਤ ਨਾਲ ਜੁੜੀਆਂ ਆਦਤਾਂ ਹੀ ਬੱਚਿਆਂ ਦੇ ਉੱਜਵਲ ਭਵਿੱਖ ਦੀ ਨੀਂਹ ਹਨ ਅਤੇ ਅਜਿਹੇ ਉਪਰਾਲੇ ਬਿਮਾਰੀਆਂ ਤੋਂ ਬਚਾਅ ਦੇ ਨਾਲ-ਨਾਲ ਸਮਾਜ ਵਿਚ ਜਾਗਰੂਕਤਾ ਪੈਦਾ ਕਰਦੇ ਹਨ, ਜਦਕਿ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ, ਉਪ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਅਤੇ ਡਾ. ਬਲਵੀਰ ਕੁਮਾਰ (ਰਿਟਾਇਰਡ ਸਿਵਲ ਸਰਜਨ ਹੋਸ਼ਿਆਰਪੁਰ) ਨੇ ਕਲੱਬ ਦੀ ਕਾਰਗੁਜ਼ਾਰੀ ਬਾਰੇ ਦੱਸਦਿਆਂ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਹਮੇਸ਼ਾ ਸਿੱਖਿਆ, ਸਿਹਤ ਤੇ ਸਫਾਈ ਦੇ ਖੇਤਰ ਵਿਚ ਲੋਕ ਭਲਾਈ ਦੇ ਕਾਰਜਾਂ ਲਈ ਵਚਨਬੱਧ ਰਹੀ ਹੈ ਅਤੇ ਸਕੂਲਾਂ ਵਿਚ ਹੱਥ ਧੋਣ ਵਾਲੇ ਸਟੇਸ਼ਨ ਲਗਾਉਣਾ ਬੱਚਿਆਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੀ ਇਕ ਮਹੱਤਵਪੂਰਨ ਕੋਸ਼ਿਸ਼ ਹੈ | ਇਸ ਮੌਕੇ ਮਹਿੰਦਰ ਸਿੰਘ ਗਰਚਾ, ਹਰਭਜਨ ਸਿੰਘ ਗਰਚਾ, ਸਾਬਕਾ ਸਰਪੰਚ ਸਰਬਜੀਤ ਕੌਰ ਸਮਾਲ ਤੇ ਹੋਰ ਪਤਵੰਤੇ ਸੱਜਣਾਂ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ |