ਫ਼ਾਜ਼ਿਲਕਾ, 23 ਮਈ(ਦਵਿੰਦਰ ਪਾਲ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ ਵਲੋਂ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਸਬੰਧੀ ਜਾਗਰੂਕਤਾ ਮੁਹਿੰਮ ਨਿਰੰਤਰ ਚਲਾਈ ਜਾ ਰਹੀ ਹੈ | ਇਸ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਇੰਚਾਰਜ ਡਾ.ਜਗਦੀਸ਼ ਅਰੋੜਾ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ, ਜਿਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਅਜਿਹੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਜੋ ਪੱਕਣ ਵਿਚ ਘੱਟ ਸਮਾਂ ਲੈਂਦੀਆਂ ਹਨ ਅਤੇ ਜਿਨ੍ਹਾਂ ਦੀ ਪਰਾਲੀ ਦਾ ਪ੍ਰਬੰਧਨ ਕਰਨਾ ਵੀ ਬੇਹੱਦ ਆਸਾਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਘੱਟ ਅਤੇ ਦਰਮਿਆਨੇ ਸਮੇਂ 'ਚ ਪੱਕਣ ਵਾਲੀਆਂ ਕਈ ਉੱਨਤ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਪਨੀਰੀ ਲਗਾਉਣ ਤੋਂ ਬਾਅਦ 93 ਤੋਂ 110 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ | ਡਾ.ਅਰੋੜਾ ਨੇ ਦੱਸਿਆ ਕਿ ਝੋਨੇ ਦੀ ਦਰਮਿਆਨੇ ਸਮੇਂ ਦੀ ਨਵੀਂ ਕਿਸਮ 'ਪੀ.ਆਰ. 133' ਖੇਤ ਵਿਚ ਲਗਾਉਣ ਤੋਂ ਬਾਅਦ 110 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ, ਜਿਸ ਦਾ ਅÏਸਤਨ ਝਾੜ 31.0 ਕੁਇੰਟਲ ਪ੍ਰਤੀ ਏਕੜ ਹੈ | ਇਸ ਵਿਚ ਕੁੱਲ ਚੌਲ ਦੀ ਮਾਤਰਾ 68.05 ਫ਼ੀਸਦੀ ਅਤੇ ਸਾਬਤ ਚੌਲ 62.03 ਫ਼ੀਸਦੀ ਹੁੰਦਾ ਹੈ | ਸਭ ਤੋਂ ਘੱਟ ਸਮਾਂ ਲੈਣ ਵਾਲੀ ਪ੍ਰਮੁੱਖ ਕਿਸਮ 'ਪੀ.ਆਰ. 126' ਹੈ, ਜੋ ਖੇਤ ਵਿਚ ਲਗਾਉਣ ਤੋਂ ਬਾਅਦ ਮਹਿਜ਼ 93 ਦਿਨਾਂ 'ਚ ਪੱਕ ਜਾਂਦੀ ਹੈ | ਇਸ ਤੋਂ ਇਲਾਵਾ ਕਿਸਾਨਾਂ ਨੂੰ ਪੀ.ਆਰ.132, ਪੀ.ਆਰ.131 ਅਤੇ ਪੀ.ਆਰ. 114 ਕਿਸਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਪਨੀਰੀ 20 ਤੋਂ 25 ਮਈ ਤੱਕ ਬੀਜਣੀ ਚਾਹੀਦੀ ਹੈ, ਜਦਕਿ ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਪੀ.ਆਰ. 126 ਦੀ ਪਨੀਰੀ 25 ਮਈ ਤੋਂ 20 ਜੂਨ ਤੱਕ ਬੀਜੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਵਿਖੇ ਉਪਰੋਕਤ ਸਾਰੀਆਂ ਪ੍ਰਮਾਣਿਤ ਕਿਸਮਾਂ ਦੇ ਬੀਜ ਹਫ਼ਤੇ ਦੇ ਸਾਰੇ ਦਿਨ ਉਪਲਬਧ ਹਨ | ਕੇਂਦਰ ਦੀ ਮਾਹਿਰ ਟੀਮ ਵੱਲੋਂ ਰੋਜ਼ਾਨਾ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਇਨ੍ਹਾਂ ਸਫਲ ਕਿਸਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਦੀ ਬੱਚਤ ਦੇ ਨਾਲ-ਨਾਲ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਣ |