ਅਬੋਹਰ, 30 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਅੱਜ ਪਏ ਬੇਮੌਸਮੀ ਮੀਂਹ ਦੇ ਕਾਰਨ ਸ਼ਹਿਰ ਅਤੇ ਪਿੰਡਾਂ ਵਿਚ ਕਈ ਥਾਂਈਾ ਮੀਂਹ ਦਾ ਪਾਣੀ ਭਰ ਗਿਆ | ਜਿਸ ਕਾਰਨ ਜੈਨ ਨਗਰ, ਅਨੰਦ ਨਗਰੀ, ਸੀਤੋ ਰੋਡ, ਸਾਹਿੱਤ ਸਦਨ ਰੋਡ ਆਦਿ ਸਣੇ ਕਈ ਇਲਾਕੇ ਮੀਂਹ ਦੇ ਪਾਣੀ ਨਾਲ ਭਰ ਗਏ | ਅਬੋਹਰ ਦਾ ਤਹਿਸੀਲ ਕੰਪਲੈਕਸ ਨੀਵਾਂ ਹੋਣ ਕਾਰਨ ਤਹਿਸੀਲ ਕੰਪਲੈਕਸ ਦਾ ਇਲਾਕਾ ਵੀ ਮੀਂਹ ਦੇ ਪਾਣੀ ਨਾਲ ਲਬਾਲਬ ਭਰ ਗਿਆ | ਜਿਸ ਕਾਰਨ ਤਹਿਸੀਲ ਕੰਪਲੈਕਸ ਵਿਚ ਆਉਣ-ਜਾਣ ਵਾਲੇ ਲੋਕਾਂ ਸਣੇ ਵਕੀਲਾਂ ਅਤੇ ਅਦਾਲਤ ਦੇ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਸ ਕਾਰਨ ਪਾਰਕਿੰਗ ਸੰਬੰਧੀ ਵੀ ਵੱਡੀ ਸਮੱਸਿਆ ਸਾਹਮਣੇ ਆਈ | ਤਹਿਸੀਲ ਕੰਪਲੈਕਸ ਦੇ ਨਾਲ ਬਣੀ ਸੜਕ ਦੇ ਨਾਲ ਵੀ ਖਾਲਾ ਭਰਨ ਕਾਰਨ ਮੀਂਹ ਦਾ ਪਾਣੀ ਵਕੀਲਾਂ ਦੇ ਦਫ਼ਤਰਾਂ ਤੱਕ ਆਉਣ ਲੱਗਾ | ਤਹਿਸੀਲ ਕੰਪਲੈਕਸ ਦਾ ਇਲਾਕਾ ਬਾਕੀ ਸ਼ਹਿਰ ਨਾਲੋਂ ਨੀਵਾਂ ਹੋਣ ਕਾਰਨ ਅਕਸਰ ਮੀਂਹ ਦਾ ਪਾਣੀ ਕਈ ਦਿਨ ਇੱਥੇ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਬਣੀ ਰਹਿੰਦੀ ਹੈ ਜਦ ਕਿ ਸੀਵਰੇਜ ਲਾਈਨ ਵੀ ਦਰੁਸਤ ਨਾ ਹੋਣ ਕਾਰਨ ਸੀਵਰੇਜ ਵੀ ਓਵਰਫ਼ਲੋ ਹੋ ਜਾਂਦਾ ਹੈ | ਜਿਸ ਕਾਰਨ ਬਦਬੂਦਾਰ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ | ਇਸ ਲਈ ਤਹਿਸੀਲ ਕੰਪਲੈਕਸ ਅਤੇ ਅਦਾਲਤ ਕੰਪਲੈਕਸ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ | ਅਬੋਹਰ ਸ਼ਹਿਰ ਦੀ ਅੱਧੀ ਆਬਾਦੀ ਸਣੇ ਬੱਲੂਆਣਾ ਹਲਕੇ ਦੇ ਕਈ ਪਿੰਡਾਂ ਦੇ ਲੋਕ ਹਰ-ਰੋਜ਼ ਤਹਿਸੀਲ ਕੰਪਲੈਕਸ ਵਿਚ ਆਪਣੇ ਕੰਮਾਂ-ਕਾਰਾਂ ਨੂੰ ਆਉਂਦੇ ਜਾਂਦੇ ਹਨ | ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ, ਐੱਸ.ਪੀ ਦਫ਼ਤਰ, ਖ਼ਜ਼ਾਨਾ ਦਫ਼ਤਰ, ਸਬ ਡਿਵੀਜ਼ਨ ਦੀਆਂ ਅਦਾਲਤਾਂ, ਵਕੀਲਾਂ ਦੇ ਦਫ਼ਤਰ, ਅਰਜ਼ੀਨਵੀਸ, ਵਸੀਕਾ ਨਵੀਸ, ਪਟਵਾਰਖ਼ਾਨਾ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਦਿ ਕਈ ਕੰਮਾਂ ਨੂੰ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ | ਜੇਕਰ ਜਲਦੀ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਕਰਵਾਈ ਤਾਂ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ | ਇਸ ਸਬੰਧੀ ਵਕੀਲਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਉਕਤ ਮੀਂਹ ਦੇ ਪਾਣੀ ਦੀ ਜਲਦ ਤੋਂ ਜਲਦ ਨਿਕਾਸੀ ਕਰਵਾਉਣ ਦੀ ਮੰਗ ਵੀ ਕੀਤੀ ਹੈ |