ਅਬੋਹਰ, 2 ਜੂਨ (ਖ਼ਾਲਸਾ) ਅਬੋਹਰ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ 20 ਉਮੀਦਵਾਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪ੍ਰੋਫੈਸਰ ਤੇਜਵੀਰ ਸਿੰਘ ਬਰਾੜ ਕਿਹਾ ਕਿ ਜਿਵੇਂ ਪੂਰੇ ਪੰਜਾਬ ਦੇ ਵਿਚ ਲਗਭਗ ਬਹੁਤ ਸਾਰੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਤੇ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਦੀ ਜਿੱਤ ਪ੍ਰਾਪਤ ਕੀਤੀ ਹੈ | ਉਸ ਤੋਂ ਇਹ ਸਪਸ਼ਟ ਹੈ ਕਿ 2027 ਵਿਚ ਲੋਕ ਭਾਜਪਾ ਅਤੇ ਦੂਸਰੀਆਂ ਫ਼ਿਰਕਾਪ੍ਰਸਤ ਸੋਚ ਵਾਲੀਆਂ ਪਾਰਟੀਆਂ ਨੂੰ ਨਕਾਰ ਕੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਬਣਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਇਲੈੱਕਸ਼ਨ ਵਿਚ ਲਗਭਗ ਸਾਰੇ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਪਨਾ ਵੇਖਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ, ਪੰਜਾਬ ਵਾਸੀ ਬੀਜੇ.ਪੀ ਨੂੰ ਦੂਰ-ਦੂਰ ਤੱਕ ਮੂੰਹ ਨਹੀਂ ਲਗਾਉਣਗੇ | ਇਸ ਲਈ 2027 ਵਿਧਾਨ ਸਭਾ ਚੋਣਾਂ ਵਿਚ ਅਬੋਹਰ ਦੇ ਸਮਝਦਾਰ ਲੋਕ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਚੁਣਨਗੇ ਤਾਂ ਜੋ ਅਬੋਹਰ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ |