ਅਬੋਹਰ, 2 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਸਥਾਨਕ ਡੀ.ਏ.ਵੀ. ਕਾਲਜ ਅਬੋਹਰ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਕਾਲਜ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਨੂੰ ਏ. ਆਈ. ਸੀ. ਓ. ਆਈ. ਦੀ ਦੇਹਰਾਦੂਨ ਵਿਚ ਕਰਵਾਈ ਕਾਨਫ਼ਰੰਸ ਦੌਰਾਨ ਪੰਜਾਬ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਉਕਤ ਸੰਸਥਾ ਪ੍ਰਮੁੱਖ ਗੈਰ ਰਾਜਸੀ, ਰਾਸ਼ਟਰੀ ਥਿੰਕ ਟੈਂਕ ਅਤੇ ਸਮਾਜਿਕ ਸੰਗਠਨ ਦੇ ਮੇਲ ਕੰਮ ਕਰਦੀ ਹੈ, ਜਿਸ ਦੀ ਸਥਾਪਨਾ 1981 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ | ਇਹ ਸੰਗਠਨ ਸਮਾਜਿਕ ਸਦਭਾਵ, ਮਾਨਵਤਾਵਾਦ, ਰਾਸ਼ਟਰਵਾਦ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਜੋ ਵੱਖ-ਵੱਖ ਰਾਜਾਂ ਵਿਚ ਸਾਲਾਨਾ ਸੰਮੇਲਨ ਅਤੇ ਖੇਤਰੀ ਸੰਮੇਲਨ ਕਰਵਾਉਂਦੇ ਹਨ | ਜਿਸ ਵਿਚ ਪ੍ਰਮੁੱਖ ਸਮਾਜਿਕ, ਆਰਥਿਕ ਅਤੇ ਵਿੱਦਿਅਕ ਵਿਸ਼ਿਆਂ 'ਤੇ ਚਰਚਾ ਦੇ ਲਈ ਵਿਦਵਾਨਾਂ ਨੂੰ ਸੱਦਿਆ ਜਾਂਦਾ ਹੈ | ਜਿਸ ਤਹਿਤ ਪੰਜਾਬ ਰਤਨ, ਉੱਤਰਾਖੰਡ ਰਤਨ, ਜੰਮੂ ਅਤੇ ਕਸ਼ਮੀਰ ਰਤਨ, ਦਿੱਲੀ ਰਤਨ ਨਾਲ ਉਕਤ ਵਿਅਕਤੀਆਂ ਅਤੇ ਵਿੱਦਿਅਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਨ੍ਹਾਂ ਸਮਾਜ ਆਪਣੇ ਖੇਤਰ ਵਿਚ ਚੰਗਾ ਯੋਗਦਾਨ ਦਿੱਤਾ ਹੁੰਦਾ ਹੈ | ਇਸ ਲੜੀ ਤਹਿਤ ਡੀ.ਏ.ਵੀ. ਕਾਲਜ ਦੇ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਦੇ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਸ਼ਲਾਘਾਯੋਗ ਉਪਰਾਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਪੰਜਾਬ ਰਤਨ ਨਾਲ ਸਨਮਾਨਿਤ ਕੀਤਾ ਗਿਆ | ਇਹ ਸਿਰਫ਼ ਅਬੋਹਰ ਦੇ ਲਈ ਹੀ ਨਹੀਂ ਬਲਕਿ ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ ਦੇ ਲਈ ਵੀ ਮਾਣ ਵਾਲੀ ਗੱਲ ਹੈ | ਡਾ.ਮਹਾਜਨ ਇਲਾਕੇ ਵਿਚ ਨਾ ਸਿਰਫ਼ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਲਈ ਯਤਨਸ਼ੀਲ ਹਨ ਬਲਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵੀ ਲਗਾਤਾਰ ਉਪਰਾਲੇ ਕਰਦੇ ਹਨ | ਉਨ੍ਹਾਂ ਦੀ ਇਸ ਉਪਲਬਧੀ 'ਤੇ ਵਿੱਦਿਅਕ ਅਤੇ ਗੈਰ-ਵਿੱਦਿਅਕ ਸ਼ਖ਼ਸੀਅਤਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ |