ਫ਼ਾਜ਼ਿਲਕਾ, 13 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਮਿਊਾਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰਾਂਚ ਨਗਰ ਕੌਂਸਲ ਫ਼ਾਜ਼ਿਲਕਾ ਵਲੋਂ ਪੈਨਸ਼ਨਰਾਂ ਦੀਆਂ ਭਖਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ | ਇਹ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ 'ਤੇ ਪ੍ਰਧਾਨ ਰਾਜ ਕੁਮਾਰ ਸਾਰਸਰ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਬੈਠਕ 'ਚ ਅਬੋਹਰ ਤੋਂ ਸੀਨੀਅਰ ਉਪ ਪ੍ਰਧਾਨ ਮਨੀਸ਼ ਕੁਮਾਰ ਅਤੇ ਸ਼ਾਮ ਲਾਲ ਧੌਲਪੁਰੀਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ, ਜਦਕਿ ਜਲਾਲਾਬਾਦ ਤੋਂ ਕੁਲਬੀਰ ਸਿੰਘ ਢਾਬਾ ਅਤੇ ਰਾਮਚੰਦ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਸਾਰਸਰ ਨੇ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ ਬਿਜਲੀ ਬੋਰਡ ਵਿਚ ਭਰਤੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਲਾਈਨਮੈਨਾਂ 'ਤੇ ਪੁਲਿਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ, ਜੋ ਕਿ ਬੇਹੱਦ ਮੰਦਭਾਗਾ ਹੈ | ਐਸੋਸੀਏਸ਼ਨ ਵਲੋਂ ਇਸ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਹੇ ਕਿ ਜੇਕਰ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਸਰਕਾਰ ਨੂੰ ਬੇਰੁਜ਼ਗਾਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਵੇਗਾ | ਇਸ ਦੌਰਾਨ ਪੀ.ਡਬਲਯੂ.ਡੀ ਫ਼ੀਲਡ ਐਂਡ ਵਰਕਸ਼ਾਪ ਦੇ ਪ੍ਰਧਾਨ ਕੁਲਬੀਰ ਸਿੰਘ ਢਾਬਾ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਪੈਨਸ਼ਨਰਾਂ ਦੇ ਬਣਦੇ ਹੱਕ ਤੁਰੰਤ ਦਿੱਤੇ ਜਾਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਮ ਲਾਲ ਠਕਰਾਲ, ਸੂਰਜ ਪ੍ਰਕਾਸ਼, ਸਤਨਾਮ ਚੰਦ, ਗੁਰਤੇਜ ਸਿੰਘ, ਕਾਸ਼ੀ ਰਾਮ, ਆਜ਼ਾਦ, ਸਤੀਸ਼ ਗਾਂਧੀ, ਸ਼ਾਮ ਸੁੰਦਰ, ਸੁਮਿਤ ਕੁਮਾਰ ਅਤੇ ਸੁਨੀਤਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ |