12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਤਣਾਅ ਮੁਕਤ ਸਿੱਖਿਆ ਦੇ ਪ੍ਰੇਰਨਾਦਾਇਕ ਲੇਖ ਸੰਗ੍ਰਹਿ ਡਿਪਟੀ ਕਮਿਸ਼ਨਰ ਵਲੋਂ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 19-06-2026
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਪ੍ਰੀਖਿਆ ਅਤੇ ਪੜ੍ਹਾਈ ਦੌਰਾਨ ਤਣਾਅ ਮੁਕਤ ਰੱਖਣ ਅਤੇ ਉਨ੍ਹਾਂ ਵਿਚ ਸਕਾਰਾਤਮਿਕ ਸੋਚ ਵਿਕਸਿਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਨੀਲਾ ਅਰੋੜਾ ਦੀ ਅਗਵਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੇ ਯਤਨਾਂ ਸਦਕਾ ਸ਼ੁਰੂ ਕੀਤੇ ਮਿਸ਼ਨ ਪ੍ਰੇਰਨਾ ਤਹਿਤ ਤਿਆਰ ਕੀਤੇ ਗਏ ਪ੍ਰੇਰਨਾਦਾਇਕ ਲੇਖ ਸੰਗ੍ਰਹਿ ਨੂੰ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਲੇਖ ਸੰਗ੍ਰਹਿ ਵਿਚ ਸਿੱਖਿਆ ਮਾਹਿਰਾਂ, ਮਨੋਵਿਗਿਆਨੀਆਂ ਅਤੇ ਪ੍ਰਸਿੱਧ ਲੇਖਕਾਂ ਵਲੋਂ ਲਿਖੇ ਗਏ ਉਹ ਲੇਖ ਸ਼ਾਮਲ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੌਰਾਨ ਆਤਮਵਿਸ਼ਵਾਸ, ਮਨੋਬਲ ਅਤੇ ਸਕਾਰਾਤਮਿਕ ਸੋਚ ਬਣਾਈ ਰੱਖਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਤਣਾਅ ਤੋਂ ਦੂਰ ਰੱਖ ਕੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਨਿਖਾਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਸਿੱਖਿਆ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਤਣਾਅ ਅਤੇ ਡਰ ਨੂੰ ਆਪਣੇ ਉੱਤੇ ਭਾਰੀ ਨਾ ਹੋਣ ਦੇਣ, ਸਗੋਂ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਿਕ ਸੋਚ ਨਾਲ ਅੱਗੇ ਵਧਣ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੇਰਨਾਦਾਇਕ ਲੇਖ ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਵਿਚ ਸਫਲਤਾ ਪ੍ਰਤੀ ਵਿਸ਼ਵਾਸ ਪੈਦਾ ਕਰਨ ਵਿਚ ਸਹਾਇਕ ਸਾਬਤ ਹੋਣਗੇ। ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸੰਦੀਪ ਕੁਮਾਰ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਸਮੂਹ ਬੀ.ਆਰ.ਸੀ. ਅਤੇ ਕੰਚਨ ਰਾਣੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਨੀਲਾ ਅਰੋੜਾ ਨੇ ਕਿਹਾ ਕਿ ਇਸ ਲੇਖ ਸੰਗ੍ਰਹਿ ਦੇ ਸੰਪਾਦਕ ਡਾ. ਸਤਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕਾਂ ਦਾ ਇਹ ਨਿਵੇਕਲਾ ਉਪਰਾਲਾ ਵਿਦਿਆਰਥੀਆਂ ਲਈ ਬੇਹੱਦ ਲਾਭਦਾਇਕ ਅਤੇ ਮਾਰਗਦਰਸ਼ਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਡਾ.ਸਤਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਅਤੇ ਇਸ ਪ੍ਰੋਜੈਕਟ ਵਿਚ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਅਤੇ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਸ਼ਨ ਪ੍ਰੇਰਨਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਤਮਵਿਸ਼ਵਾਸ ਪੈਦਾ ਕਰਨਾ, ਉਨ੍ਹਾਂ ਨੂੰ ਪ੍ਰੀਖਿਆਵਾਂ ਦੇ ਦਬਾਅ ਤੋਂ ਮੁਕਤ ਰੱਖਣਾ ਅਤੇ ਉਨ੍ਹਾਂ ਦੀ ਸਰਵਪੱਖੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਲੇਖ ਸੰਗ੍ਰਹਿ ਵਿਚ ਸ਼ਾਮਲ ਵਿਚਾਰ ਵਿਦਿਆਰਥੀਆਂ ਨੂੰ ਜੀਵਨ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਡੀ.ਐੱਸ.ਐਮ., ਸੁਖਚੈਨ ਸਿੰਘ ਸਟੈਨੋ ਅਤੇ ਹੋਰ ਅਧਿਕਾਰੀ ’ਤੇ ਅਧਿਆਪਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 20 ਤੇ 21 ਜੂਨ ਨੂੰ ਮਨਾਇਆ ਜਾਵੇਗਾ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ- ਹਰੀਸ਼ ਚੰਦਰ ਅਗਲੀ ਖ਼ਬਰ ਸਵਾਮੀ ਦਿਆਨੰਦ ਮਾਰਗ ’ਤੇ ਲੱਗੇ ਮਲਬੇ ਦੇ ਢੇਰ ਆਵਾਜਾਈ ਵਿਚ ਪੈ ਰਿਹੈ ਵਿਘਨ
Ad Position 24